ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਗਿਆ ਪ੍ਰੇਰਿਤ
ਬਠਿੰਡਾ, 22 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਸਥਾਨਕ ਖੇਤੀ ਭਵਨ ਵਿਖੇ ਹਾੜੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜ਼ਿਲਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ।
ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ, ਵੱਲੋ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਵੱਖ-ਵੱਖ ਵਿਭਾਗਾਂ ਵੱਲੋ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਜ਼ਾਇਜਾ ਲਿਆ ਅਤੇ ਉਨਾਂ ਵੱਲੋ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਨਵੀਨਤਮ ਤਕਨਾਲੋਜੀ ਨੂੰ ਅਪਣਾ ਕੇ ਵੱਧ ਤੋ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ ਗਈ।
ਜ਼ਿਲਾ ਪੱਧਰੀ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਸਬੰਧੀ ਲਏ ਜਾਣ ਵਾਲੇ ਫੈਸਲਿਆਂ ਜਿਵੇ ਕਿ:- ਚੰਗੇ ਬੀਜ ਦੀ ਚੋਣ, ਖਾਦਾਂ, ਜ਼ਹਿਰਾਂ ਦੀ ਵਰਤੋਂ ਆਦਿ ਹੋਰ ਕੰਮਾਂ ਸਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਉਨਾਂ ਨੁਕਤਿਆਂ ਤੇ ਜ਼ਿਆਦਾ ਜ਼ੋਰ ਦੇ ਕੇ ਉਤਸ਼ਾਹਿਤ ਕੀਤਾ, ਜਿਨਾਂ ਵੱਲ ਕਿਸਾਨ ਜ਼ਿਆਦਾ ਧਿਆਨ ਨਹੀਂ ਦਿੰਦੇ ਜਾਂ ਇਸ ਦੀ ਮਹੱਤਤਾ ਦਾ ਪਤਾ ਨਹੀ ਹੁੰਦਾ ਜਿਵੇਂ :- ਬੀਜ ਸੋਧ, ਮਿੱਟੀ ਪਰਖ ਆਦਿ ਤਾਂ ਜੋ ਹਾੜੀ ਦੀਆਂ ਫਸਲਾਂ ਦਾ ਪ੍ਰਤੀ ਏਕੜ ਝਾੜ ਅਤੇ ਉਤਪਾਦਨ ਵਧਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਤੇ ਫਸਲਾਂ ਦੀ ਮਾਰਕੀਟਿੰਗ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਸੁਚੇਤ ਕਰਦਿਆਂ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ-ਸੰਭਾਲ, ਖਾਦਾਂ ਅਤੇ ਪਾਣੀ ਦੀ ਸਹੀ ਵਰਤੋਂ, ਵਰਮੀ-ਕੰਪੋਸਟ ਖਾਦ ਤਿਆਰ ਕਰਨਾ, ਐਗਰੋ ਫਰੈਸਟਰੀ ਅਤੇ ਬੀ-ਕੀਪਿੰਗ, ਮੱਛੀ ਪਾਲਣ, ਡੇਅਰੀ ਆਦਿ ਧੰਦੇ ਅਪਨਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਨੇ ਕਿਸਾਨਾ ਨੂੰ ਇਹ ਸਲਾਹ ਦਿੱਤੀ ਕਿ ਉਹ ਆਪਣੇ ਕੋਲ ਉਪਲਬੱਧ ਸਾਧਨਾਂ ਅਨੁਸਾਰ ਹੀ ਖੇਤੀ ਕਰਨ ਅਤੇ ਮਾੜੀਆਂ ਜ਼ਮੀਨਾਂ ਵਿੱਚ ਨਰਮੇ ਦੀ ਕਾਸ਼ਤ ਨਾ ਕਰਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ.ਜੀ.ਐਮ.-ਕਮ-ਸੈਕਟਰੀ ਜ਼ਿਲਾ ਲੀਗਲ ਸਰਵਿਸਿਜ਼ ਅਥਾਰਟੀ ਸ੍ਰੀ ਅਸ਼ੋਕ ਕੁਮਾਰ ਚੌਹਾਨ ਵੱਲੋਂ ਕਿਸਾਨਾਂ ਨੂੰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮਾਜ ਦੇ ਪਿਛੜੇ ਅਤੇ ਕਮਜ਼ੂਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨਾਂ ਸੇਵਾਵਾਂ ਦਾ ਲਾਭ ਲੈਣ ਅਤੇ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1968 ਅਤੇ ਇਸ ਦਫਤਰ ਦੇ ਨੰਬਰ 0164-2212051 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਹਾੜੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਅਤੇ ਖਾਦ ਦੇ ਪ੍ਰਬੰਧ ਕੀਤੇ ਗਏ ਹਨ। ਖਾਦਾਂ ਦੇ ਸਬੰਧ ਵਿੱਚ ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ‘ਤੇ ਘੱਟ ਹੋਵੇ। ਭੌ-ਪਰਖ ਪ੍ਰਯੋਗਸ਼ਾਲਾਵਾਂ ਨੂੰ ਛੋਟੇ ਤੱਤ ਜਿਵੇ ਜ਼ਿੰਕ, ਲੋਹਾ, ਮੈਗਨੀਜ਼ ਆਦਿ ਦੀ ਟੈਸਟ ਕਰਨ ਲਈ ਸਟਰੈਥਇੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੀ ਜ਼ਮੀਨ ਦੀ ਟੈਸਟ ਰਿਪੋਰਟ ਦੇ ਅਨੁਸਾਰ ਛੋਟੇ ਤੱਤ ਵੀ ਲੋੜ ਅਨੁਸਾਰ ਵਰਤੋਂ ਕਰ ਸਕਣਗੇ, ਇਸ ਨਾਲ ਜਿੱਥੇ ਵੱਧ ਪੈਦਾਵਾਰ ਹੋਵੇਗੀ, ਉਥੇ ਕਿਸਾਨ ਸਹੀ ਮਾਤਰਾ ਵਿੱਚ ਖਾਦ ਪਾਉਣਗੇ ਅਤੇ ਬੇਲੋੜਾ ਖਰਚ ਵੀ ਘਟਾ ਸਕਣਗੇ।
ਉਨਾਂ ਨੇ ਕਿਸਾਨਾਂ ਨੂੰ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤਂੋ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕੀਤੀ। ਉਨਾਂ ਦੱਸਿਆ ਕਿ ਸਾਲ 2021-22 ਦੌਰਾਨ ਖੇਤੀ ਮਸ਼ੀਨਰੀ ਦੀ ਸੈਕਸ਼ਨ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਅਕਤੂਬਰ 2020-21 ਦੌਰਾਨ 90 ਕਲੱਸਟਰ ਪੱਧਰ, 8 ਬਲਾਕ ਪੱਧਰ ਅਤੇ ਇਕ ਜ਼ਿਲਾ ਪੱਧਰੀ ਕੈਂਪ ਦਾ ਆਯੋਜਿਤ ਕੀਤਾ ਗਿਆ ਹੈ।
ਇਨਾਂ ਕਿਸਾਨ ਸਿਖਲਾਈ ਕੈਂਪਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸੁਚੱਜੀ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਜਿਲਾ ਪੱਧਰ ਉਪਰ 294 ਵਾਲਪੈਟਿੰਗ ਬਣਾਈਆਂ (ਹਰ ਪਿੰਡ ਵਿੱਚ 1) ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦਾ ਸੁਨੇਹਾ ਪਹੁੰਚਾਇਆ ਜਾ ਸਕੇ। ਇਸੇ ਤਰਾ 3 ਮੋਬਾਇਲ ਵੈਨਾਂ ਰਾਹੀ ਵੀ ਜ਼ਿਲੇ ਦੇ ਹਰ ਪਿੰਡ ਤੱਕ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ। ਹੁਣ ਤੱਕ ਜ਼ਿਲੇ ਦੇ ਸਮੂਹ 292 ਪਿੰਡ ਦੋ ਵਾਰ ਮੋਬਾਈਲ ਵੈਨ ਰਾਹੀਂ ਕਵਰ ਕੀਤੇ ਜਾ ਚੁੱਕੇ ਹਨ। ਇਹ ਜਿਲਾ ਪੱਧਰੀ ਮੁਹਿੰਮ 8 ਅਕਤ੍ਵਬਰ ਤੋਂ 17 ਨਵੰਬਰ ਤੱਕ ਜਾਰੀ ਰਹੇਗੀ। ਸਾਲ 2020-21 ਤੱਕ ਜ਼ਿਲੇ ਵਿੱਚ 6130 ਮਸ਼ੀਨਾਂ ਸਬਸਿਡੀ ਉਪਰ ਕਿਸਾਨਾਂ ਨੂੰ ਦਿੱਤੀਆ ਜਾ ਚੁੱਕੀਆਂਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ. ਮਨਜੀਤ ਸਿੰਘ ਨੇ ਜ਼ਿਲੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲੇ ਵਿੱਚ ਸਾਉਣੀ 2021 ਦੌਰਾਨ ਨਰਮੇ/ ਕਪਾਹ ਹੇਠ 96000 ਹੈਕਟਰ ਅਤੇ ਝੋਨੇ ਹੇਠ 161000 ਹੈਕਟਰ ਰਕਬੇ ਵਿੱਚ ਬਿਜਾਈ ਕਰਵਾਈ ਗਈ। ਉਨਾਂ ਨੇ ਦੱਸਿਆ ਕਿ ਅਣ-ਅਧਿਕਾਰਤ ਤੌਰ ਤੇ ਬੀਜ ਨਾ ਖਰੀਦਿਆ ਜਾਵੇ। ਸਿਰਫ ਮਨਜ਼ੂਰਸ਼ੁਦਾ ਅਦਾਰਿਆਂ ਵੱਲੋ ਪੱਕਾ ਬਿੱਲ ਲੈਣ ਉਪਰੰਤ ਹੀ ਪ੍ਰਮਾਣਿਤ ਬੀਜ ਖਰੀਦਿਆ ਜਾਵੇ।
ਇਸ ਮੌਕੇ ਡਾਇਰੈਕਟਰ ਰਿਜਨਲ ਰਿਸਰਚ ਸੈਟਰ ਬਠਿੰਡਾ ਡਾ. ਪਰਮਜੀਤ ਸਿੰਘ ਵੱਲੋ ਸਾਉਣੀ ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਉਨਾਂ ਨਾਲ ਆਏ ਸਾਇੰਸਦਾਨਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਵੀ ਦਿੱਤੇ।
ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਬੋਪਾਰਾਏ ਨੇ ਆਤਮਾ ਸਕੀਮ ਸਬੰਧੀ ਕਿਸਾਨਾਂ ਨੂੰ ਬਰੀਕੀ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਆਤਮਾ ਸਕੀਮ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਕਿਸਮ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟ ਲਗਾਏ ਜਾਦੇ ਹਨ ਅਤੇ ਕਿਸਾਨਾਂ ਨੂੰ ਜ਼ਿਲੇ ਅਤੇ ਜ਼ਿਲੇ ਤੋਂ ਬਾਹਰ ਟ੍ਰੇਨਿੰਗਾਂ ਅਤੇ ਐਕਸਪੋਜਰ ਵਿਜਿਟ ਕਰਵਾਈ ਜਾਂਦੀ ਹੈ। ੳਨਾਂ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਵੀ ਦਿੱਤੇ।
ਸਟੇਜ ਦਾ ਸੰਚਾਲਨ ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਅੰਤ ਵਿੱਚ ਮੇਲੇ ਵਿੱਚ ਆਏ ਹੋਏ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।