Ride organized by Amul Group

ਅਮੁਲ ਗਰੁੱਪ ਵੱਲੋਂ ਰਾਈਡ ਆਯੋਜਿਤ

ਬਠਿੰਡਾ 10 ਅਕਤੂਬਰ (ਲਖਵਿੰਦਰ ਸਿੰਘ ਗੰਗਾ)

ਜ਼ਿਲ੍ਹਾ ਪ੍ਰਸਾਸ਼ਨ ਤੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਸਹਿਯੋਗ ਨਾਲ ਅਮੁਲ ਗਰੁੱਪ ਵੱਲੋਂ ਅਮੁਲ ਮਸਤੀ ਰਾਈਡ ਦਾ ਆਯੋਜਨ ਕੀਤਾ ਗਿਆ। ਇਹ ਰਾਈਡ ਅਮੁਲ ਦੇ ਜਨਮਦਾਤਾ ਵਰਗਿਸ ਕੁਰਿਅਨ ਦੀ 100ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਅਮੁਲ ਇੰਡੀਆ ਦੀ ਸ਼ੁਰੂਆਤ ਹੋਏ 75 ਸਾਲ ਹੋ ਚੁੱਕੇ ਹਨ।
ਜ਼ਿਲ੍ਹੇ ਦੇ ਮਲਟੀਪਰਪਜ਼ ਸਟੇਡੀਅਮ ਤੋਂ ਸ਼ੁਰੂ ਹੋ ਕੇ ਇਹ ਰਾਈਡ ਪਿੰਡ ਬੀਬੀਵਾਲਾ ਹੁੰਦੇ ਹੋਏ ਪਿੰਡ ਗੋਬਿੰਦਪੁਰਾ ਵਿੱਚ ਡੇਰਾ ਭਿਆਨਾ ਦੇ ਨਾਲ ਲੱਗਦੀ ਝਿੜੀ ਤੱਕ ਜਾ ਕੇ ਖ਼ਤਮ ਹੋਈ। ਸਵੇਰੇ 6:30 ਵਜੇ ਸ਼ੁਰੂ ਹੋਈ ਇਸ ਰਾਈਡ ਨੂੰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰਾਈਡ ਵਿੱਚ ਛੋਟੇ ਬੱਚਿਆਂ ਤੋਂ ਇਲਾਵਾ ਔਰਤ ਰਾਈਡਰਜ ਤੇ ਸੀਨੀਅਰ ਸਿਟੀਜਨ ਮੈਂਬਰਾਂ ਵੱਲੋਂ ਵੀ ਹਿੱਸਾ ਲਿਆ। ਰਸਤੇ ਵਿੱਚ ਰਾਈਡਰਾਂ ਵੱਲੋਂ ਪਿੰਡ ਵਾਸੀਆਂ ਨੂੰ ਸਵੱਛ ਵਾਤਾਵਰਨ ਦਾ ਸੰਦੇਸ਼ ਦਿੱਤਾ। ਗੁਜਰਾਤ ਪ੍ਰਦੇਸ਼ ਦੇ ਆਨੰਦ ਸ਼ਹਿਰ ਤੋਂ ਅਮੁਲ ਦੀ ਸ਼ੁਰੂਆਤ ਹੋਈ, ਜੋ ਇਸ ਦੇਸ਼ ਦੀ ਸਭ ਤੋਂ ਵੱਡੀ ਕੋਆਪਰੇਟਿਵ ਸੰਸਥਾ ਹੈ। ਸ਼੍ਰੀ ਕੁਰਿਅਨ ਵੱਲੋਂ ਸਥਾਪਤ ਕੀਤੀ ਗਈ ਇਹ ਸੰਸਥਾ ਅੱਜ ਦੇਸ਼ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਨੂੰ ਪੈਦਾ ਕਰਨ ਵਿੱਚ ਸਭ ਤੋਂ ਮੋਹਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀ ਅਗਵਾਈ ਹੇਠ ਝਿੜੀ ਵਿੱਚ ਪਹੁੰਚਣ `ਤੇ ਪੇਂਡੂ ਵਿਕਾਸ ਵਿਭਾਗ, ਪਿੰੰਡ ਗੋਬਿੰਦਪੁਰਾ ਤੇ ਹਰਰੰਗਪੁਰਾ ਪਿੰਡ ਦੀਆਂ ਪੰਚਾਇਤਾਂ ਅਤੇ ਰਾਊਂਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਨਾਲ 1000 ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਨੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਪਹਿਲਾਂ ਵੀ ਕਾਫ਼ੀ ਜ਼ਿਆਦਾ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਝਿੜੀ ਵਿੱਚ ਸੈਂਕੜੇ ਸਾਲ ਪੁਰਾਣੇ ਪੌਦੇ ਮੌਜੂਦ ਹਨ। ਹੁਣ ਲਗਾਏ ਜਾਣ ਵਾਲੇ ਪੌਦਿਆਂ ਵਿੱਚ ਵੀ ਉਨ੍ਹਾਂ ਪੌਦਿਆਂ ਦੀ ਰਾਊਂਡ ਗਲਾਸ ਫਾਊਂਡੇਸ਼ਨ ਰਾਹੀਂ ਚੋਣ ਕੀਤੀ ਗਈ ਹੈ।
ਇਸ ਮੌਕੇ ਬੀ.ਡੀ.ਓ. ਸ਼੍ਰੀ ਅਭਿਨਵ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਥਾਣਾ ਮੈਡਮ ਪ੍ਰਨੀਤ ਕੌਰ, ਬਠਿੰਡਾ ਸਾਈਕਲਿੰਗ ਗਰੁੱਪ ਮੈਂਬਰ ਸ਼੍ਰੀ ਪ੍ਰੀਤ ਬਰਾੜ, ਡਾ. ਜੀ.ਐਸ. ਨਾਗਪਾਲ, ਸ਼੍ਰੀ ਅਵਿਨਾਸ਼, ਸ਼੍ਰੀ ਜਗਪਾਲ ਅਤੇ ਅਮੁਲ ਕੰਪਨੀ ਦੇ ਮੈਨੇਜਰ ਸ਼੍ਰੀ ਲਖਵਿੰਦਰ ਭੁੱਲਰ ਮੌਜੂਦ ਸਨ।