You are currently viewing Raja Waring took over as Transport Minister

Raja Waring took over as Transport Minister

ਟਰਾਂਸਪੋਰਟ ਮੰਤਰੀ ਵਜੋਂ ਰਾਜਾ ਵੜਿੰਗ ਨੇ ਸੰਭਾਲ਼ਿਆ ਅਹੁਦਾ   

ਟਰਾਂਸਪੋਰਟ ਮਾਫੀਏ ਵਿਰੁੱਧ ਲਿਆ ਵੱਡਾ ਐਕਸ਼ਨ

ਚੰਡੀਗੜ, 29 ਸਤੰਬਰ (ਲਖਵਿੰਦਰ ਸਿੰਘ ਗੰਗਾ)

ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ਵਿੱਚੋਂ ਹਰ ਤਰਾਂ ਦਾ ਨਜਾਇਜ਼ ਕਬਜ਼ੇ ਨੂੰ ਹਟਾ ਦੇਣ। ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬਾ ਪੱਧਰੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪਰੋਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡਾਂ ਵਿੱਚ ਲੋਕਾਂ ਵਿੱਚੋਂ ਕੀਤੇ ਗਏ ਨਜਾਇਜ਼ ਕਬਜ਼ਾ ਕਰਨ ਵਾਲੇ ਨਾ ਸਿਰਫ਼ ਬੱਸਾਂ ਨੂੰ ਚੱਲਣ ਵਿੱਚ ਅੜਿਕਾ ਬਣ ਰਹੇ ਹਨ, ਨਾਲ ਹੀ ਨਜਾਇਜ਼ ਤੌਰ ‘ਤੇ ਕਾਰੋਬਾਰੀ ਗਤੀਵਿਧੀਆਂ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਾ ਰਹੇ ਹਨ। ਪੰਜਾਬ ਰਾਜ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ (ਜੀ.ਐਮ.) ਅਤੇ ਆਰ.ਟੀ.ਏ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਵਿਭਾਗ ਦੀ ਆਮਦਨ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਲੰਬੇ ਸਮੇਂ ਤੋਂ ਜਿਹਨਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹਨਾਂ ਤੋਂ ਟੈਕਸ ਉਗਰਾਹੀ ਨੂੰ ਤੇਜ਼ ਕੀਤਾ ਜਾਵੇ ਅਤੇ ਟੈਕਸ ਦੇਣ ਤੋਂ ਆਨਾ-ਕਾਨੀ ਕਰਨ ਵਾਲੇ ਟਰਾਂਸਪੋਟਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਵੜਿੰਗ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਚਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ। ਉਹਨਾਂ ਸੂਬੇ ਦੇ ਬੱਸ ਅੱਡਿਆਂ ਅਤੇ ਬੱਸਾਂ ਦੀ ਸਾਫ਼- ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹਰੇਕ ਡਿੱਪੂ ਦੇ ਜੀ.ਐਮ. ਦੀ ਜਿੰਮੇਵਾਰੀ ਤੈਅ ਕਰਦਿਆਂ ਕਿਹਾ ਕਿ ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼- ਸਫ਼ਾਈ ਵਿਭਾਗ ਦਾ ਸਥਾਈ ਫੀਚਰ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਜ਼ਿਲਾ ਡਿੱਪੂਆਂ ਵਿੱਚ ਪਏ ਕਬਾੜ ਨੂੰ ਵੀ ਅਗਲੇ ਪੰਦਰਾਂ ਵਿੱਚ ਨੀਲਾਮ ਕਰਨ ਦੇ ਹੁਕਮ ਦਿੱਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸ੍ਰੀ ਕੇ. ਸਿਵਾ ਪ੍ਰਸਾਦ, ਆਈ.ਏ.ਐਸ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਡਾ. ਅਮਰਪਾਲ ਸਿੰਘ, ਆਈ.ਏ.ਐਸ., ਸਟੇਟ ਟਰਾਂਸਪੋਰਟ ਕਮਿਸ਼ਨਰ, ਭੁਪਿੰਦਰ ਸਿੰਘ ਰਾਏ, ਆਈ.ਏ.ਐਸ. ਡਾਇਰੈਕਟਰ ਸਟੇਟ ਟਰਾਂਸਪੋਰਟ, ਡਾ. ਭੁਪਿੰਦਰ ਪਾਲ ਸਿੰਘ, ਆਈ.ਏ.ਐਸ., ਐਮ.ਡੀ. ਪੀ.ਆਰ.ਟੀ.ਸੀ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।