ਅਰਬਨ ਹੈਲਥ ਸੈਂਟਰ ਜਨਤਾ ਨਗਰ ਵਿਖੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਕੈਂਪ ਆਯੋਜਿਤ
ਹਰ ਹਫ਼ਤੇ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਣਾ ਬਣਾਇਆ ਜਾਵੇ ਯਕੀਨੀ
ਬਠਿੰਡਾ, 22 ਸਤੰਬਰ (ਲਖਵਿੰਦਰ ਸਿੰਘ ਗੰਗਾ)
ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਸ਼ਹਿਰ ਅੰਦਰ ਡੇਂਗੂ ਬੁਖਾਰ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਤੇ ਪੋਸ਼ਣ ਮਾਹ ਦੇ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅਰਬਨ ਹੈਲਥ ਸੈਂਟਰ ਜਨਤਾ ਨਗਰ ਵਿਖੇ ਮਮਤਾ ਦਿਵਸ ਦੇ ਮੌਕੇ ਉਤੇ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ, ਡੇਂਗੂ ਬੁਖਾਰ ਸਬੰਧੀ ਅਤੇ ਰੇਲਵੇ ਟਰੈਕ ’ਤੇ ਕੰਮ ਕਰਦੇ ਪੱਲੇਦਾਰਾਂ ਅਤੇ ਟੈਕਸ ਯੂਨੀਅਨ ਰੇਲਵੇ ਬਰਿੱਜ ਬਠਿੰਡਾ ਦੇ ਟੈਕਸੀ ਚਾਲਕਾਂ ਨੂੰ ਵੀ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਗੁਰਕੀਰਤ ਸਿੱਧੂ ਵਲੋਂ ਡੇਂਗੂ ਬੁਖਾਰ ਦੇ ਲੱਛਣਾਂ, ਇਲਾਜ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਰਸਾਤਾਂ ਦੇ ਸ਼ੁਰੂ ਹੋਣ ’ਤੇ ਮੱਛਰਾਂ ਦੀ ਪੈਦਾਇਸ਼ ਹੋਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਜਾਂਦਾ ਹੈ। ਇਸ ਤੋਂ ਬਚਾਅ ਲਈ ਆਪਣੇ ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾਉਣਾ ਅਤੇ ਮੱਛਰ ਦੀ ਪੈਦਾਇਸ਼ ਨੂੰ ਰੋਕਣਾ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਸ਼ੁੱਕਰਵਾਰ ਨੂੰ ਘਰਾਂ ਅਤੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਡਰਾਈ ਡੇ ਮਨਾਉਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ, ਕੂਲਰਾਂ, ਗਮਲਿਆਂ, ਟਾਇਰਾਂ ਜਾਂ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਕਟੋਰੇ ਆਦਿ ਨੂੰ ਹਫ਼ਤੇ ਵਿਚ ਖਾਲੀ ਕਰਕੇ ਸੁਕਾਇਆ ਜਾਵੇ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਤੇ ਖੜ੍ਹੇ ਪਾਣੀ ਉੱਪਰ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਪਾ ਕੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਅਤੇ ਡਿਪਟੀ ਮਾਸ ਮੀਡੀਆ ਕੁਲਵੰਤ ਸਿੰਘ ਨੇ ਟੀਕਾਕਰਨ ਲਈ ਇਕੱਤਰ ਹੋਈਆਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸੰਤੁਲਿਤ ਖੁਰਾਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਥੀਮ ਪੋਸ਼ਣ, ਸਾਫ਼-ਸਫ਼ਾਈ, ਟੀਕਾਕਰਨ, ਗਰੋਥ ਮਾਨਟ੍ਰਿੰਗ, ਡਾਇਰੀਆ ਕੰਟਰੋਲ ਕਰਨਾ ਆਦਿ ਹੈ। ਇਸ ਲਈ ਪੋਸ਼ਣ ਅਭਿਆਨ ਦੇ ਮੁੱਖ ਲਾਭਪਾਤਰੀ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, 0-6 ਸਾਲ ਦੇ ਬੱਚੇ ਅਤੇ ਲੜਕੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੁਪੋਸ਼ਣ ਮੁਕਤ ਸਮਾਜ ਦੀ ਸਿਰਜਣਾ ਲਈ ਜਿਥੇ ਚੰਗੀ ਖੁਰਾਕ ਖਾਣੀ ਜ਼ਰੂਰੀ ਹੈ, ਉਥੇ ਸਿਹਤਮੰਦ ਆਦਤਾਂ ਪਾਉਣੀਆਂ ਵੀ ਜ਼ਰੂਰੀ ਹਨ। ਇਸ ਲਈ ਉਨ੍ਹਾਂ ਗਰਭਵਤੀ ਮਾਵਾਂ ਨੂੰ ਜਾਗਰੂਕ ਮਾਂ ਹੋਣ ਦਾ ਸੱਦਾ ਦਿੰਦਿਆਂ ਗਰਭ ਦੌਰਾਨ ਜ਼ਰੂਰੀ ਪੋਸ਼ਟਿਕ ਖੁਰਾਕੀ ਤੱਤਾਂ, ਸਿਹਤ ਸੰਭਾਲ, ਸੁਰੱਖਿਅਤ ਜਣੇਪਾ, ਟੀਕਾਕਰਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਫਾਰਮੇਸੀ ਅਫ਼ਸਰ ਬਲਵੰਤ ਸਿੰਘ, ਗੁਰਦੀਪ ਸਿੰਘ, ਐਲ.ਐਚ.ਵੀ ਜਗਦੀਸ਼ ਕੌਰ, ਏ.ਐਨ.ਐਮ ਮਮਤਾ ਕੁਮਾਰੀ ਅਤੇ ਆਸ਼ਾ ਵਰਕਰ ਹਾਜ਼ਰ ਸਨ।