ਜ਼ਿਲ੍ਹੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ
ਹੁਕਮ ਰਹਿਣਗੇ 16 ਨਵੰਬਰ ਤੱਕ ਲਾਗੂ
ਬਠਿੰਡਾ, 18 ਸਤੰਬਰ (ਲਖਵਿੰਦਰ ਸਿੰਘ ਗੰਗਾ)
ਵਧੀਕ ਜ਼ਿਲਾ ਮੈਜਿਸਟਰੇਟ ਸ਼੍ਰੀ ਪਰਮਵੀਰ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲਾ ਬਠਿੰਡਾ ਅੰਦਰ ਹਰ ਪੀ. ਜੀ. ਮਾਲਕਾਂ ਨੂੰ ਪੀ. ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ/ਕਿਰਾਏਦਾਰਾਂ ਦੀ ਰਜਿਸਟੇ੍ਰਸ਼ਨ/ਵੈਰੀਫ਼ਿਕੇਸ਼ਨ ਸਬੰਧਤ ਪੁਲਿਸ ਥਾਣੇ/ਸਾਂਝ ਕੇਂਦਰ ਵਿਚ ਕਰਵਾਉਣ ਦਾ ਹੁਕਮ ਜਾਰੀ ਕੀਤਾ। ਜ਼ਿਲਾ ਬਠਿੰਡਾ ਵਿਚ ਬਹੁਤ ਸਾਰੇ ਵਿਦਿਆਰਥੀ/ਕਿਰਾਏਦਾਰ ਬਾਹਰੋਂ ਆ ਕੇ ਜ਼ਿਲੇ ਅੰਦਰ ਬਣੀਆਂ ਪੀ.ਜੀ. ਵਿਚ ਰਹਿ ਰਹੇ ਹਨ, ਜਿਸ ਦੀ ਕੋਈ ਵੀ ਜਾਣਕਾਰੀ ਜ਼ਿਲਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਹੁੰਦੀ। ਇਸ ਦੀ ਆੜ ਵਿਚ ਕੋਈ ਵੀ ਗੈਰ ਸਮਾਜਿਕ ਜਾਂ ਸ਼ਰਾਰਤੀ ਅਨਸਰ ਕਿਰਾਏਦਾਰ/ਵਿਦਿਆਰਥੀ ਦੇ ਭੇਸ ਵਿਚ ਸ਼ਹਿਰ ਅੰਦਰ ਕਿਸੇ ਵੀ ਪੀ.ਜੀ. ਵਿਚ ਰਹਿ ਕੇ ਕੋਈ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦੇ ਕੇ ਸਮਾਜਿਕ ਸ਼ਾਂਤੀ ਭੰਗ ਕਰ ਸਕਦਾ ਹੈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ। ਜ਼ਿਲਾ ਬਠਿੰਡਾ ਅੰਦਰ ਅਮਨ ਕਾਨੂੰਨ ਵਿਵਸਥਾ ਅਤੇ ਸਮਾਜਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਹਰ ਪੀ.ਜੀ. ਮਾਲਕ ਆਪਣੀ ਪੀ.ਜੀ. ਨੂੰ ਰਜਿਸਟਰ ਕਰਵਾਉਂਦੇ ਹੋਏ ਪੀ.ਜੀ. ਵਿਚ ਰਹਿਣ ਵਾਲੇ ਬੱਚਿਆਂ, ਕਿਰਾਏਦਾਰਾਂ ਦੀ ਸਬੰਧਤ ਪੁਲਿਸ ਥਾਣੇ, ਸਾਂਝ ਕੇਂਦਰ ਰਾਹੀਂ ਰਜਿਸਟੇ੍ਰਸ਼ਨ, ਵੈਰੀਫ਼ਿਕੇਸ਼ਨ ਕਰਵਾਉਣ ਦਾ ਜ਼ਿੰਮੇਵਾਰ ਹੋਵੇਗਾ। ਉਨਾਂ ਪੀ.ਜੀ. ਮਾਲਕਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਆਪਣੇ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ, ਕਿਰਾਏਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਗ ਬੁਝਾਊ ਯੰਤਰ ਅਤੇ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਗਾਉਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਵਿਦਿਆਰਥੀ, ਕਿਰਾਏਦਾਰ ਦੀ ਆੜ ਵਿਚ ਸਮਾਜਿਕ ਸ਼ਾਂਤੀ ਭੰਗ ਨਾ ਕਰ ਸਕੇ।
ਜਾਰੀ ਕੀਤੇ ਗਏ ਹੁਕਮ ’ਚ ਕਿਹਾ ਕਿ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਜਾਰੀ ਆਦੇਸ਼ਾਂ ’ਚ ਉਨਾਂ ਕਿਹਾ ਕਿ ਬਹੁ-ਮੰਤਵੀ ਖੇਡ ਸਟੇਡੀਅਮ ਕੋਲ ਟਰੱਕ ਖੜੇ ਹੋਣ ਕਾਰਨ ਐਮ.ਐਸ.ਡੀ. ਸਕੂਲ ਅਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਟਰੱਕਾਂ ਕਰਕੇ ਸਕੂਲਾਂ ਦੀਆਂ ਵੈਨਾ, ਬੱਸਾਂ, ਰਿਕਸ਼ੇ ਆਦਿ ਦਾ ਐਕਸੀਡੈਂਟ ਹੋਣ ਦਾ ਖਦਸਾ ਰਹਿੰਦਾ ਹੈ। ਇਨਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹਨੂਮਾਨ ਚੌਂਕ ਦੇ ਆਸ ਪਾਸ ਗੋਨਿਆਣਾ ਰੋਡ ਅਤੇ ਖੇਡ ਸਟੇਡੀਅਮ ਰੋਡ ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਉਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਇਨਾਂ ਇਲਾਕਿਆਂ ’ਚ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਕਿਸੇ ਵੀ ਟਰੱਕ ਨੂੰ ਚਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਐਮ.ਐਸ.ਡੀ. ਸਕੂਲ ਅਤੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਪਿ੍ਰੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਛੁੱਟੀ ਸਮੇਂ ਆਪਣੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਾਉਂਡ ਵਿਚੋਂ ਹੀ ਰਿਕਸ਼ਾ, ਗੱਡੀ ਆਦਿ ਵਿਚ ਸੁਰੱਖਿਅਤ ਰੂਪ ਵਿਚ ਚੜਾਉਣਗੇ। ਉਨਾਂ ਕਿਹਾ ਕਿ ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਉਣ ਵਾਲੇ ਰਿਕਸ਼ਾ ਅਤੇ ਗੱਡੀਆਂ ਸਕੂਲ ਦੇ ਬਾਹਰ ਸੜਕ ਜਾਂ ਸੜਕ ਦੇ ਕਿਨਾਰੇ ਪਾਰਕ ਨਹੀਂ ਕੀਤੇ ਜਾਣਗੇ।
ਵਧੀਕ ਜ਼ਿਲਾ ਮੈਜਿਸਟੇ੍ਰਟ ਨੇ ਆਮ ਲੋਕਾਂ ਲਈ ਕੋਈ ਵੀ ਅਸਲਾ ਜਿਵੇਂ ਕਿ ਲਾਇਸੰਸੀ ਹਥਿਆਰ, ਨੰਗੀਆਂ ਤਲਵਾਰਾਂ ਅਤੇ ਕਿਸੇ ਵੀ ਤਰਾਂ ਦੇ ਤੇਜ਼ਧਾਰ ਹਥਿਆਰ ਨਾਲ ਲੈ ਕੇ ਚੱਲਣ ਅਤੇ ਉਨਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤਾ ਹੈ। ਜਿਨਾਂ ਵਿਅਕਤੀਆਂ ਵਲੋਂ ਲਾਇਸੰਸੀ ਹਥਿਆਰ ਚੁੱਕਣ ਸਬੰਧੀ ਇਸ ਦਫ਼ਤਰ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਹੋਈ ਹੈ, ਉਹ ਵੀ ਤਰੁੰਤ ਰੱਦ ਕੀਤੀ ਜਾਂਦੀ ਹੈ। ਉਕਤ ਹੁਕਮ ਪੁਲਿਸ, ਹੋਮਗਾਰਡਜ਼ ਜਾਂ ਸੀ. ਆਰ. ਪੀ. ਐਫ. ਦੇ ਕਰਮਚਾਰੀਆਂ, ਜਿਨਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਵੇਗਾ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਹਦੂਦਅੰਦਰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟੜ ਤੇ ਪਾਬੰਦੀ ਲਗਾਈ ਜਾਂਦੀ ਹੈ। ਜੇਕਰ ਕੋਈ ਵੀ ਕੰਬਾਇਨ ਇਸ ਸਮੇਂ ਦੌਰਾਨ ਝੋਨੇ ਦੀ ਫ਼ਸਲ ਕੱਟਦੀ ਫੜੀ ਗਈ ਤਾਂ ਉਸਨੂੰ ਤੁੰਰਤ ਜਬਤ ਕੀਤਾ ਜਾਵੇਗਾ। ਹੁਕਮ ਅਨੁਸਾਰ ਝੋਨੇ ਦੀ ਨਾੜ, ਪਰਾਲੀ ਅਤੇ ਰਹਿੰਦ-ਖੂੰਹਦ ਆਦਿ ਨੂੰ ਅੱਗ ਲਗਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਕੋਈ ਵੀ ਕੰਬਾਇਨ ਸੁਪਰ ਐਸਐਮਐਸ ਸਿਸਟਮ ਤੋਂ ਬਿਨਾਂ ਝੋਨੇ ਦੀ ਵਾਢੀ ਨਹੀਂ ਕਰੇਗੀ। ਝੋਨੇ ਦੀ ਵਾਢੀ ਸਿਰਫ਼ ਸੁਪਰ ਐਸਐਮਐਸ ਸਿਸਟਮ ਲੱਗੀ ਮਸ਼ੀਨ ਨਾਲ ਹੀ ਕੀਤੀ ਜਾ ਸਕਦੀ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਜਾਰੀ ਹੁਕਮਾਂ ਅਨੁਸਾਰ ਏਅਰ ਫ਼ੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਪੁਲਿਸ ਵੈਰੀਫਿਕੇਸ਼ਨ ਕਰਵਾਏ ਤੋਂ ਬਿਨਾਂ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕਰਨ ’ਤੇ ਪਾਬੰਦੀ ਲਗਾਈ ਹੈ। ਹੁਕਮਾਂ ਮੁਤਾਬਿਕ ਏਅਰ ਫੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ ਕਾਫ਼ੀ ਤਦਾਦ ਵਿਚ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਏਰੀਆ ਵਿਚ ਕਾਫ਼ੀ ਭੀੜ ਰਹਿੰਦੀ ਹੈ। ਏਅਰ ਫੋਰਸ, ਏਰੀਆ ਹੋਣ ਕਾਰਨ ਇੱਥੇ ਕਿਸੇ ਸਮੇਂ ਵੀ ਕੋਈ ਅਣ-ਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸ ਦੇ ਮੱਦੇਨਜ਼ਰ ਏਅਰ ਫ਼ੋਰਸ, ਭੀਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਬਿਨਾਂ ਪੁਲਿਸ ਵੈਰੀਫ਼ਿਕੇਸ਼ਨ ਕਰਵਾਏ ਕਾਰੋਬਾਰ ਕਰਨ ’ਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਈ ਗਈ ਹੈ।
ਜਾਰੀ ਹੁਕਮਾਂ ਮੁਤਾਬਿਕ ਜ਼ਿਲੇ ਅੰਦਰ ਨਿਸ਼ਚਿਤ ਥਾਵਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਧਰਨੇ ਜਾਂ ਰੈਲੀਆਂ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲੇ ਅੰਦਰ ਵੱਖ-ਵੱਖ ਜਥੇਬੰਦੀਆਂ ਅਤੇ ਆਮ ਪਬਲਿਕ ਵਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਦਿੱਤੇ ਜਾਣ ਵਾਲੇ ਰੈਲੀਆਂ ਜਾਂ ਧਰਨੇ ਲਈ ਬਠਿੰਡਾ ’ਚ ਟੈਂਪੂ ਪਾਰਕਿੰਗ ਟਰਾਂਸਪੋਰਟ ਨਗਰ, ਗੋਨਿਆਣਾ ਰੋਡ ਬਠਿੰਡਾ, ਤਲਵੰਡੀ ਸਾਬੋ ’ਚ ਟਰੈਕਟਰ ਖ਼ਰੀਦ, ਵੇਚ ਮੰਡੀ, ਰਾਮਪੁਰਾ ਫੂਲ ਅਤੇ ਮੌੜ ’ਚ ਪਸ਼ੂ ਮੇਲਾ ਗਰਾਂਊਂਡ ਵਿਖੇ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਨਿਰਧਾਰਿਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਕਿਸੇ ਥਾਂ ’ਤੇ ਧਰਨਾ ਜਾਂ ਰੈਲੀਆਂ ਕਰਨ ’ਤੇ ਪਾਬੰਦੀ ਹੋਵੇਗੀ।
ਇਕ ਹੋਰ ਹੁਕਮ ਰਾਹੀਂ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਪੁਰਾਣੀ ਤਹਿਸੀਲ ਕੰਪਲੈਕਸ, ਬਠਿੰਡਾ ਵਿਖੇ ਸਰਕਾਰੀ ਜਗਾ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾ ਰਹੀਆਂ ਦੁਕਾਨਾਂ, ਬੂਥ, ਚੈਂਬਰ ਆਦਿ ਦੀ ਉਸਾਰੀ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਪੁਰਾਣੀ ਤਹਿਸੀਲ ਕੰਪਲੈਕਸ, ਬਠਿੰਡਾ ਵਿਖੇ ਸਰਕਾਰੀ ਜਗਾ ਵਿੱਚ ਵਸੀਕਾ ਨਵੀਸ, ਟਾਈਪਿਸਟਾਂ, ਫੋਟੋਸਟੇਟ, ਅਰਜੀ ਨਵੀਸ ਆਦਿ ਵੱਲੋਂ ਬਿਨਾਂ ਕਿਸੇ ਸਰਕਾਰੀ ਵਿਭਾਗ ਤੋਂ ਪ੍ਰਵਾਨਗੀ ਲਏ ਆਪਣੇ ਪੱਧਰ ’ਤੇ ਹੀ ਦੁਕਾਨਾਂ ਦੀ ਬਣਤਰ ਵਿੱਚ ਚੈਂਬਰ ਅਤੇ ਬੂਥ ਆਦਿ ਉਸਾਰੇ ਜਾ ਰਹੇ ਹਨ, ਜੋ ਕਿ ਇੱਕ ਜੁਰਮ ਹੈ। ਜਿਸ ’ਤੇ ਰੋਕ ਲਗਾਉਣੀ ਅਤਿ ਜ਼ਰੂਰੀ ਬਣਦੀ ਹੈ। ਇਹ ਹੁਕਮ ਸਰਕਾਰੀ ਜਗਾ ਵਿੱਚ ਸਰਕਾਰੀ ਇਮਾਰਤ ਬਣਾਉਣ ’ਤੇ ਲਾਗੂ ਨਹੀਂ ਹੋਵੇਗਾ।