ਅਨੰਤ ਚਤੁਰਦਸ਼ੀ ਦਿਵਸ ਦੇ ਮੱਦੇਨਜ਼ਰ ਐਤਵਾਰ ਨੂੰ ਬੁੱਚੜਖਾਨੇ ਅਤੇ ਮੀਟ ਤੇ ਆਂਡੇ ਦੀਆਂ ਦੁਕਾਨਾਂ ਖੁੱਲ੍ਹਣ ਤੇ ਰੋਕ

ਅਨੰਤ ਚਤੁਰਦਸ਼ੀ ਦਿਵਸ ਦੇ ਮੱਦੇਨਜ਼ਰ ਐਤਵਾਰ ਨੂੰ ਬੁੱਚੜਖਾਨੇ ਅਤੇ ਮੀਟ ਤੇ ਆਂਡੇ ਦੀਆਂ ਦੁਕਾਨਾਂ ਖੁੱਲ੍ਹਣ ਤੇ ਰੋਕ

ਬਠਿੰਡਾ, 17 ਸਤੰਬਰ (ਲਖਵਿੰਦਰ ਸਿੰਘ ਗੰਗਾ)

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਬਠਿੰਡਾ ਵਿਖੇ 19 ਸਤੰਬਰ 2021 (ਦਿਨ ਐਤਵਾਰ) ਨੂੰ ਅਨੰਤ ਚਤੁਰਦਸ਼ੀ ਦਿਵਸ (ਅਹਿੰਸਾ ਦਿਵਸ) ਦੇ ਮੱਦੇਨਜ਼ਰ ਬੁੱਚੜਖਾਨੇ ਅਤੇ ਮੀਟ ਆਂਡੇ ਦੀਆਂ ਦੁਕਾਨਾਂ ਖੁੱਲਣ ਤੇ ਮੀਟ ਦੀ ਵਿਕਰੀ ਕੀਤੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਜਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਲਗਾਈ ਗਈ ਹੈ।

ਪਾਬੰਦੀ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 19 ਸਤੰਬਰ ਨੂੰ ਅਨੰਤ ਚਤੁਰਦਸ਼ੀ ਦਿਵਸ (ਅਹਿੰਸਾ ਦਿਵਸ) ਨੂੰ ਤਪ ਤਿਆਗ ਦਿਵਸ ਵਜੋਂ ਮਨਾਇਆ ਜਾਣਾ ਹੈ। ਕੁਝ ਸ਼ਰਾਰਤੀ ਅਨਸਰ ਇਸ ਪਵਿੱਤਰ ਤਿਉਹਾਰ ਵਾਲੇ ਦਿਨ ਮੀਟ ਦੀ ਵਰਤੋਂ ਕਰਦੇ ਹਨ। ਜਿਸ ਨਾਲ ਜਿੱਥੇ ਧਾਰਮਿਕ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਉਸਦੇ ਨਾਲ ਹੀ ਅਮਨ ਅਤੇ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਇਸ ਪਵਿੱਤਰ ਤਿਉਹਾਰ ਦੇ ਮੌਕੇ ਅਮਨ ਤੇ ਕਾਨੂੰਨ ਵਿਵਸਥਾ ਤੇ ਜਨਤਕ ਸ਼ਾਂਤੀ ਬਰਕਰਾਰ ਰੱਖਣ ਦੀ ਮੀਟ ਆਂਡੇ ਦੀਆਂ ਦੁਕਾਨਾਂ ਖੁੱਲਣ ਤੇ ਮੀਟ ਦੀ ਵਿਕਰੀ ਤੇ ਰੋਕ ਲਗਾਈ ਹੈ।