ਨਗਰ ਨਿਗਮ ਦੇ ਮੇਅਰ ਰਮਨ ਗੋਇਲ ਨੇ ਆਈ.ਐਚ.ਐਮ ਦਾ ਕੀਤਾ ਦੌਰਾ
ਬਠਿੰਡਾ, 3 ਸਤੰਬਰ (ਲਖਵਿੰਦਰ ਸਿੰਘ ਗੰਗਾ)
ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈ.ਐਚ.ਐਮ) ਵਿਖੇ ਸਿਖਿਆਰਥੀਆਂ ਲਈ ਚਲਾਏ ਜਾ ਰਹੇ ਕੋਰਸਾਂ ਤੇ ਹੋਸਟਪੀਟੈਲਿਟੀ ਸੈਕਟਰ ਬਾਰੇ ਜਾਣਨ ਲਈ ਨਗਰ ਨਿਗਮ ਬਠਿੰਡਾ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਡਿਪਟੀ ਮੇਅਰ ਸ. ਹਰਮੰਦਰ ਸਿੰਘ ਸਿੱਧੂ, ਸ਼੍ਰੀ ਸੰਦੀਪ ਗੋਇਲ ਤੇ ਬਠਿੰਡਾ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਦੇ ਮਿਊਂਸੀਪਲ ਕਾਊਂਸਲਰਾਂ ਨੇ ਇੰਸਟੀਚਿਊਟ ਵਿੱਚ ਸਪੈਸ਼ਲ ਦੌਰਾ ਕੀਤਾ ਗਿਆ।
ਇਸ ਦੌਰਾਨ ਇੰਸਟੀਚਿਊਟ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਨੇ ਕਾਲਜ ਵਿੱਚ ਚਲਾਏ ਜਾ ਰਹੇ ਕੋਰਸਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਵਿੱਚ ਚੱਲ ਰਹੇ ‘ਹੁਨਰ ਸੇ ਰੁਜਗਾਰ ਤੱਕ’ ਪ੍ਰੋਗਰਾਮ ਦੇ ਸਿਖਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ, ਜਿਸਦੀ ਸਾਰੇ ਹੀ ਮਹਿਮਾਨਾਂ ਨੇ ਬਹੁਤ ਸ਼ਲਾਂਘਾ ਕੀਤੀ।
ਇਸ ਮੌਕੇ ਮੇਅਰ ਸ਼੍ਰੀਮਤੀ ਰਮਨ ਗੋਇਲ ਤੇ ਉਪ ਮੇਅਰ ਸ. ਹਰਮੰਦਰ ਸਿੰਘ ਸਿੱਧੂ ਨੇ ਹੋਟਲ ਮੈਨੇਜਮੈਂਟ ਦੇ ਕੋਰਸਾਂ ਦੀ ਅਵੇਅਰਨੈੱਸ ਲਈ ਸਾਰੇ ਐੱਮ.ਸੀਜ਼ ਵਲੋਂ ਲੋੜੀਂਦੇ ਸੁਝਾਅ ਦਿੱਤੇ ਗਏ ਅਤੇ ਯਕੀਨ ਦਿਵਾਇਆ ਕਿ ਉਹ ਇੰਸਟੀਚਿਊਟ ਵਿੱਚ ਚੱਲ ਰਹੇ ਕੋਰਸਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ-ਆਪਣੇ ਵਾਰਡ ਦੇ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਇੰਡਸਟਰੀਅਲ ਗਰੋਥ ਸੈਂਟਰ ਆਨਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸ਼੍ਰੀ ਰਾਮ ਪ੍ਰਕਾਸ਼ ਜਿੰਦਲ, ਚੇਅਰਮੈਨ ਸ਼੍ਰੀ ਭੂਸ਼ਨ ਗਰਗ ਅਤੇ ਸ਼੍ਰੀ ਰੌਕੀ ਬਾਂਸਲ ਨੇ ਇੰਡਸਟਰੀਅਲ ਗਰੋਥ ਸੈਂਟਰ ਵਿੱਚ ਸਥਿੱਤ ਆਈ.ਐੱਚ.ਐੱਮ. ਦੁਆਰਾ ਚਲਾਏ ਜਾ ਰਹੇ ਕੋਰਸਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਇੰਸਟੀਚਿਊਟ ਦੇ ਐੱਚ.ਓ.ਡੀ ਸ਼੍ਰੀ ਅਭੀਕ ਪ੍ਰਮਾਣਿਕ ਤੇ ਐਡਮਿਨ ਸ਼੍ਰੀਮਤੀ ਰੀਤੂ ਬਾਲਾ ਗਰਗ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।