ਪੋਲਿੰਗ ਸਟੇਸ਼ਨਾਂ ਦੀ ਰੇਸ਼ਨੇਲਾਈਜ਼ੇਸ਼ਨ ਦਾ ਕੰਮ ਸ਼ੁਰੂ: ਹਰਜੋਤ ਕੌਰ
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇਦਿਆਂ ਨਾਲ ਕੀਤੀ ਬੈਠਕ
ਬਠਿੰਡਾ 26 ਅਗਸਤ (ਲਖਵਿੰਦਰ ਸਿੰਘ ਗੰਗਾ)
ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸਰਸਰੀ ਸੁਧਾਰੀ ਯੋਗਤਾ 1 ਜਨਵਰੀ 2022 ਦੇ ਸਬੰਧ ਵਿਚ ਪੋਲਿੰਗ ਸਟੇਸ਼ਨਾਂ ਦੀ ਰੇਸ਼ਨੇਲਾਈਜ਼ੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 92 ਬਠਿੰਡਾ ਸ਼ਹਿਰੀ-ਕਮ-ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਹਰਜੋਤ ਕੌਰ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇਦਿਆਂ ਤੇ ਸੈਕਟਰ ਅਫ਼ਸਰਾਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਬੈਠਕ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 92 ਬਠਿੰਡਾ ਸ਼ਹਿਰੀ ਹਲਕੇ ਵਿਚ ਨਵੇਂ 31 ਹੋਰ ਨਵੇਂ ਪੋਲਿੰਗ ਬੂਥ ਤਜ਼ਵੀਜ਼ ਕੀਤੇ ਗਏ ਹਨ। ਇਸ ਸਬੰਧੀ ਉਨ੍ਹਾਂ ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸੁਝਾਅ ਵੀ ਲਏ ਗਏ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਂਇਦਿਆਂ ਵਲੋਂ ਇਸ ਤੇ ਸਹਿਮਤੀ ਜਤਾਈ ਗਈ। ਇਸ ਤਰ੍ਹਾਂ ਨਵੇਂ ਪੋਲਿੰਗ ਬੂਥਾਂ ਦੀ ਤਜ਼ਵੀਜ ਪਾਸ ਹੋਣ ਉਪਰੰਤ ਬਠਿੰਡਾ ਸ਼ਹਿਰੀ ਹਲਕੇ ਅੰਦਰ ਹੁਣ ਪੋਲਿੰਗ ਬੂਥਾਂ ਗਿਣਤੀ 245 ਹੋ ਜਾਵੇਗੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਲਈ ਹਲਕੇ ਅੰਦਰ ਪਹਿਲਾਂ 79 ਇਮਾਰਤਾਂ ਸਨ ਜਦਕਿ 7 ਨਵੀਂਆਂ ਇਮਾਰਤਾਂ ਦੀ ਤਜ਼ਵੀਜ਼ ਪਾਸ ਕੀਤੀ ਜਾ ਰਹੀ ਹੈ। 33 ਪੋਲਿੰਗ ਬੂਥਾਂ ਦੀ ਰੇਸ਼ਨੇਲਾਈਜੇਸ਼ਨ ਕੀਤੀ ਜਾ ਰਹੀ ਹੈ ਜਿਸ ਤਹਿਤ 1200 ਤੋਂ ਵੱਧ ਵੋਟਰਾਂ ਦੀ ਸ਼ਿਫ਼ਟਿੰਗ ਉਨ੍ਹਾਂ ਦੀ ਨੇੜੇ ਦੇ ਏਰੀਏ ਚ ਪੈਂਦੇ ਪੋਲਿੰਗ ਬੂਥਾਂ ਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ/ਸੈਕਸ਼ਨ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਸੁਝਾਅ ਦੋ ਦਿਨ ਦੇ ਅੰਦਰ-ਅੰਦਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਪਾਸ ਜਮ੍ਹਾਂ ਕਰਵਾ ਸਕਦੇ ਹਨ।
ਇਸ ਮੌਕੇ ਇਲੈਕਸ਼ਨ ਕਾਨੂੰਗੋ ਸ਼੍ਰੀਮਤੀ ਹਰਜਿੰਦਰ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਭੁਪਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਵਲੋਂ ਗੁਰਲਾਲ ਸਿੰਘ ਤੋਂ ਇਲਾਵਾ ਸੀਪੀਆਈ (ਐਮ) ਅਤੇ ਬਹੁਜਨ ਸਮਾਜ ਪਾਰਟੀ ਦੇ ਨੁਮਾਂਇੰਦੇ ਤੇ ਸੈਕਟਰ ਅਫ਼ਸਰ ਆਦਿ ਹਾਜ਼ਰ ਸਨ।