ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਾਲਜਾਂ ਚ ਦਾਖਲੇ ਲਈ ਰਾਜ ਦਾਖ਼ਲਾ ਪੋਰਟਲ ਦੀ ਕੀਤੀ ਸ਼ੁਰੂਆਤ
ਸਰਕਾਰੀ ਕਾਲਜਾਂ ਚ ਦਾਖਲੇ ਲਈ ਸਹਾਈ ਹੋਵੇਗਾ ਰਾਜ ਦਾਖ਼ਲਾ ਪੋਰਟਲ : ਡਿਪਟੀ ਕਮਿਸ਼ਨਰ
ਬਠਿੰਡਾ, 19 ਅਗਸਤ (ਲਖਵਿੰਦਰ ਸਿੰਘ ਗੰਗਾ)
ਸਰਕਾਰੀ ਕਾਲਜਾਂ ਚ ਵਿਦਿਆਰਥੀਆਂ ਦੇ ਦਾਖਲੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਰਾਜ ਦਾਖਲਾ ਪੋਰਟਲ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਪੋਰਟਲ ਨਾਲ ਵਿਦਿਆਰਥੀ ਸੂਬੇ ਭਰ ਵਿਚ ਕਿਸੇ ਵੀ ਕਾਲਜ ਲਈ ਆਨ ਲਾਇਨ ਅਪਲਾਈ ਕਰ ਸਕਣਗੇ। ਇਸ ਨਾਲ ਜਿੱਥੇ ਉਨ੍ਹਾਂ ਦੇ ਸਮੇਂ ਦੇ ਨਾਲ-ਨਾਲ ਪੈਸੇ ਦੀ ਬੱਚਤ ਹੋਵੇਗੀ ਉੱਥੇ ਹੀ ਉਹ ਵਾਧੂ ਖੱਜਲ-ਖੁਆਰੀ ਤੋਂ ਵੀ ਬਚ ਸਕਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਹੋਈ ਵਰਚੂਅਲ ਮੀਟਿੰਗ ਉਪਰੰਤ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਨਾਗਰਿਕਾਂ ਲਈ ਸਰਕਾਰ ਦੀਆਂ ਗ਼ੈਰ-ਐਮਰਜੈਂਸੀ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ਹਿੱਤ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਜਾਰੀ ਕੀਤਾ ਗਿਆ ਹੈ। ਇਸ ਹੈਲਪਲਾਇਨ ਨੰਬਰ ’ਤੇ ਕਾਲ ਕਰਕੇ ਕੋਈ ਵੀ ਨਾਗਰਿਕ ਸੇਵਾਵਾਂ ਬਾਰੇ ਆਮ ਗੱਲਾਂ ਤੋਂ ਲੈ ਕੇ ਲਾਭ ਲੈਣ ਤੱਕ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਉਨਾਂ ਦੱਸਿਆ ਕਿ ਇਸ ਨੰਬਰ ’ਤੇ ਏਕੀਕ੍ਰਿਤ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਕੇਂਦਰਕ੍ਰਿਤ ਪਲੇਟਫ਼ਾਰਮ ਬਣਾਇਆ ਗਿਆ ਹੈ ਜਿਸ ਦਾ ਅਸਲ ਮਕਸਦ ਕੁਸ਼ਲ ਪ੍ਰਸ਼ਾਸਨ ਹੈ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤਾਂ ਦੀ ਅਸਲ ਜਾਣਕਾਰੀ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੂਅਲ ਫ਼ਾਈਲ ਪ੍ਰੋਸੈਸਿੰਗ ਦੇ ਖ਼ਾਤਮੇ ਨੂੰ ਤਰਜੀਹ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ‘ਡਿਜੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲ ਕਦਮੀਆਂ ਸਾਬਤ ਹੋਣਗੀਆਂ ਕਿਉਂਕਿ ਕੋਵਿਡ ਮਹਾਂਮਾਰੀ ਦੇ ਔਖੇ ਵੇਲੇ ਇੱਕ ਕਾਲ ਜਾਂ ਇੱਕ ਕਲਿੱਕ ਜ਼ਰੀਏ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਕਿਸੇ ਵੀ ਵਿਅਕਤੀ ਦੇ ਸਰੀਰਕ ਸੰਪਰਕ ’ਚ ਆਏ ਬਗੈਰ ਲੈ ਸਕਣਗੇ। ਉਨਾਂ ਕਿਹਾ ਕਿ ਰਾਜ ਦਾਖ਼ਲਾ ਪੋਰਟਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਦੇ ਨਾਲ-ਨਾਲ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਵੱਡੀ ਮਦਦ ਕਰੇਗਾ ਕਿਉਕਿ ਦਾਖ਼ਲਿਆਂ ਮੌਕੇ ਹੀ ਕਾਲਜਾਂ ’ਚ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨਾਂ ਕਿ ਪੰਜਾਬ ਸਰਕਾਰ ਲਗਾਤਾਰ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਦਮ ਪੁੱਟ ਰਹੀ ਹੈ ਤੇ ਇਨਾਂ ਦੇ ਸਾਰਥਕ ਨਤੀਜੇ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ।
ਇਸ ਵਰਚੂਅਲ ਪ੍ਰੋਗਰਾਮ ਦੌਰਾਨ ਸਥਾਨਕ ਰਜਿੰਦਰਾ ਕਾਲਜ ਦੀ ਵਿਦਿਆਰਥਣ ਗਰਵਿਤਾ ਸ਼ਰਮਾ ਵਲੋਂ ਵੀ ਇਸ ਨਿਵੇਕਲੇ ਪੋਰਟਲ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇਕੇ ਅਗਰਵਾਲ, ਸ਼੍ਰੀ ਅਰੁਣ ਵਧਾਵਨ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਰਜੀਤ ਸਿੰਘ, ਮੈਡਮ ਜੋਤਿਨਾ ਸਿੰਗਲਾ ਤੋਂ ਇਲਾਵਾ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟ ਸ਼੍ਰੀ ਮੁਕੇਸ਼ ਗੋਇਲ ਅਤੇ ਜ਼ਿਲ੍ਹਾ ਈ-ਗਵਰਨੈਸ ਕੋਆਰਡੀਨੇਟਰ ਸ਼੍ਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।