ਕੁਕਿੰਗ ਮੁਕਾਬਲਿਆਂ ਚ ਆਈ.ਐਚ.ਐਮ. ਦੇ ਵਿਦਿਆਰਥੀਆਂ ਦੀ ਝੰਡੀ
ਮਨਮੀਤ, ਕੁਨਾਲ ਤੇ ਰੀਨਾ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਰਹੇ
ਬਠਿੰਡਾ, 5 ਅਗਸਤ (ਲਖਵਿੰਦਰ ਸਿੰਘ ਗੰਗਾ)
ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹਦਾਇਤਾਂ ਦੇ ਮੁੱਦੇਨਜ਼ਰ ਸਥਾਨਕ ਇੰਡੀਅਨ ਹੋਟਲ ਮੈਨੇਜ਼ਮੈਂਟ ਇੰਸਟੀਚਿਊਟ (ਆਈ.ਐਚ.ਐਮ) ਵਿਖੇ 46ਵੇਂ ਵਿਸ਼ਵ ਹੁਨਰ ਕੁਕਿੰਗ ਸਕਿੱਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਆਈ.ਐਚ.ਐਮ ਬਠਿੰਡਾ ਤੋਂ ਇਲਾਵਾ ਫ਼ਰੀਦਕੋਟ, ਗੁਰਦਾਸਪੁਰ ਅਤੇ ਫਾਜਿਲਕਾ ਜ਼ਿਲ੍ਹਿਆਂ ਨਾਲ ਸਬੰਧਤ ਸਿਖਿਆਰਥੀਆਂ ਵਲੋਂ ਭਾਗ ਲਿਆ ਗਿਆ। ਇਹ ਜਾਣਕਾਰੀ ਇੰਡੀਅਨ ਹੋਟਲ ਮੈਨੇਜ਼ਮੈਂਟ ਇੰਸਟੀਚਿਊਟ ਦੇ ਪ੍ਰਿੰਸੀਪਲ ਰਾਜਨੀਤ ਕੋਹਲੀ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਨੇ ਦੱਸਿਆ ਕਿ ਦੂਸਰੇ ਪੜਾਅ ਤਹਿਤ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਸਟਾਟਰ, ਸੂਪ ਅਤੇ ਮੇਨ ਕੋਰਸ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਦੇ ਕੁਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 10 ਪ੍ਰਤੀਯੋਗੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਪਹਿਲੀਆਂ ਤਿੰਨੇ ਪੁਜੀਸ਼ਨਾਂ ਆਈ.ਐਚ.ਐਮ ਬਠਿੰਡਾ ਦੇ ਸਿਖਿਆਰਥੀਆਂ ਨੇ ਹਾਸਲ ਕੀਤੀਆਂ ਜਿਸ ਵਿਚ ਮਨਮੀਤ ਸਿੰਘ, ਕੁਨਾਲ ਉਪਲ ਅਤੇ ਰੀਨਾ ਕੌਰ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਰਹੇ।
ਮੁਕਾਬਲੇ ਵਿੱਚੋ ਅੱਵਲ ਆਉਣ ਵਾਲੇ ਪ੍ਰਤੀਯੋਗੀਆਂ ਦੇ ਕੁਕਿੰਗ ਸਕਿੱਲ ਦੀ ਪਹਿਚਾਣ ਲਈ ਰਾਜਨੀਤ ਕੋਹਲੀ, ਸ਼੍ਰੀ ਗੁਰਇੰਦਰ ਸਿੰਘ ਮਾਂਗਟ, ਸ਼੍ਰੀ ਜਗਦੀਸ਼ ਸਿੰਘ ਅਧਾਰਿਤ ਤਿੰਨ ਮੈਂਬਰੀ ਦਾ ਗਠਨ ਕੀਤਾ ਗਿਆ। ਜਿਨ੍ਹਾਂ ਵਲੋਂ ਇਸ ਪ੍ਰਤੀਯੋਗਤਾ ਦਾ ਨਤੀਜਾ ਤਿਆਰ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਜੇਤੂ ਰਹੇ ਸਿਖਿਆਰਥੀਆਂ ਦੀ ਹੌਂਸਲਾਂ ਅਫ਼ਜਾਈ ਕੀਤੀ ਗਈ ਤੇ ਦੂਸਰੇ ਪ੍ਰਤੀਯੋਗੀਆਂ ਨੂੰ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।