ਕੌਮੀ ਲੋਕ ਅਦਾਲਤ 11 ਸਤੰਬਰ ਨੂੰ
ਬਠਿੰਡਾ, 4 ਅਗਸਤ (ਲਖਵਿੰਦਰ ਸਿੰਘ ਗੰਗਾ)
ਮਾਨਯੋਗ ਨਾਲਸਾ ਤੇ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਸ਼੍ਰੀ ਅਜੇ ਤਿਵਾੜੀ ਦੇ ਹੁਕਮਾਂ ਅਤੇ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕਮਲਜੀਤ ਲਾਂਬਾ ਦੀ ਯੋਗ ਰਹਿਨੁਮਾਈ ਹੇਠ ਜ਼ਿਲਾ ਕਚਹਿਰੀ, ਬਠਿੰਡਾ, ਸਬ-ਡਵੀਜ਼ਨ, ਫੂਲ ਤੇ ਤਲਵੰਡੀ ਸਾਬੋ ਵਿਖੇ 11 ਸਤੰਬਰ 2021 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਆਮ ਲੋਕ ਇਸ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸੁਲਾਹ ਸਮਝੋਤੇ ਰਾਹੀਂ ਨਿਪਟਾਰਾ ਕਰਵਾਉਣ। ਉਨਾਂ ਹੋਰ ਕਿਹਾ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਅ/ਧ 138 ਐਨਆਈ ਐਕਟ ਭਾਵ ਚੈਕਾਂ ਨਾਲ ਸਬੰਧਤ ਲੈਣ ਦੇਣ ਦੇ ਕੇਸ ਕੌਮੀ ਲੋਕ ਅਦਾਲਤ ’ਚ ਨਿਪਟਾਉਣ ਲਈ ਵਿਸੇਸ਼ ਕਦਮ ਚੁੱਕਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ।
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਅਜਿਹੇ ਕੇਸਾਂ ਨੂੰ ਮੀਡੀਏਸ਼ਨ ਸੈਂਟਰ ਵਿੱਚ ਆਪਸੀ ਰਜ਼ਾਮੰਦੀ ਨਾਲ ਨਬੇੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਸਬੰਧਿਤ ਪਾਰਟੀਆਂ ਆਪਣੇ ਕੇਸਾਂ ਨੂੰ ਮੀਡੀਏਸ਼ਨ ਸੈਂਟਰ, ਬਠਿੰਡਾ ਵਿਖੇ ਮਾਣਯੋਗ ਅਦਾਲਤ ਨੂੰ ਅਰਜ਼ੀ ਦੇ ਕੇ ਰੈਫਰ ਕਰਵਾ ਕੇ ਅਤੇ ਸੁਖਾਵੇਂ ਮਾਹੌਲ ਵਿੱਚ ਆਪਸੀ ਰਜਾਮੰਦੀ ਨਾਲ ਕੇਸ ਦਾ ਨਬੇੜਾ ਕਰਨ ਦਾ ਯਤਨ ਕਰ ਸਕਦੀਆਂ ਹਨ। ਇਸ ਤਰਾਂ ਕਰਨ ਨਾਲ ਦੋਵਾਂ ਧਿਰਾਂ ਦੇ ਧਨ ਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਆਪਸੀ ਭਾਈਚਾਰੇ ਵਿਚ ਵਾਧਾ ਹੋਵੇਗਾ।
ਜੇਕਰ ਕਿਸੇ ਧਿਰ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣਾ ਹੈ ਤਾਂ ਉਹ ਸਬੰਧਤ ਅਦਾਲਤ ਜਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਿਖੇ ਇੱਕ ਸਾਦਾ ਦਖਰਖਾਸਤ ਦੇ ਕੇ ਸਬੰਧਤ ਅਦਾਲਤ ਰਾਹੀਂ ਆਪਣੇ ਝਗੜੇ ਦਾ ਨਿਪਟਾਰਾ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫੋਨ ਨੰਬਰ 0164-2212051 ਜਾਂ ਟੋਲ ਫਰੀ ਨੰਬਰ 1968 ’ਤੇ ਸੰਪਰਕ ਕੀਤਾ ਜਾ ਸਕਦਾ ਹੈ।