You are currently viewing ਡੀ.ਸੀ. ਦਫ਼ਤਰ ਕਾਮਿਆਂ ਨੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਦਾ ਫੂਕਿਆ ਪੁਤਲਾ

ਡੀ.ਸੀ. ਦਫ਼ਤਰ ਕਾਮਿਆਂ ਨੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਦਾ ਫੂਕਿਆ ਪੁਤਲਾ

 

ਡੀ.ਸੀ. ਦਫ਼ਤਰ ਕਾਮਿਆਂ ਨੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਦਾ ਫੂਕਿਆ ਪੁਤਲਾ
 
ਕਲਮਛੋੜ ਹੜਤਾਲ ਕਾਰਨ ਸਮੁੱਚਾ ਕੰਮਕਾਜ ਠੱਪ
 
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ ( ਪਰਗਟ ਸਿੰਘ )  
 
ਡੀ.ਸੀ. ਦਫ਼ਤਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਵਿੱਢੇ ਗਏ ਸੰਘਰਸ਼ ਤਹਿਤ ਅੱਜ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲਾਂ ਤੇ ਸਬ ਤਹਿਸੀਲਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਕਿਉਂਕਿ ਡੀ.ਸੀ. ਦਫ਼ਤਰਾਂ ਦੇ ਕਾਮੇ ਕਲਮਛੋੜ ਹੜਤਾਲ ਤੇ ਹਨ। ਡੀ.ਸੀ. ਦਫ਼ਤਰ ਕਾਮਿਆਂ ਵੱਲੋਂ ਸਰਕਾਰ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਿਰ ਕਰਦਿਆਂ ਅੱਜ ਵਿੱਤ ਮੰਤਰੀ, ਮਾਲ ਮੰਤਰੀ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਕਾਮੇ ਆਪਣੀਆਂ ਵਿਭਾਗੀ ਵਿੱਤੀ ਅਤੇ ਗੈਰ ਵਿੱਤੀ ਮੰਗਾਂ ਦੇ ਨਾਲ-ਨਾਲ ਸਾਂਝੀਆਂ ਮੰਗਾਂ ਵਿੱਚ ਸ਼ਾਮਲ ਛੇਵੇਂ ਤਨਖਾਹ ਕਮਿਸ਼ਨ ਦੀ ਸੋਧੀ ਰਿਪੋਰਟ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਟੈਨੋ ਕਾਡਰ ਮੰਗਾਂ ਅਤੇ ਹੋਰਨਾਂ ਸਾਂਝੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ, ਰੋਸ ਮਾਰਚ ਅਤੇ ਕਲਮਛੋੜ ਹੜਤਾਲ ਦੇ ਬਾਵਜੂਦ ਵੀ ਸਰਕਾਰ ਦੀ ਨੀਂਦ ਨਹੀਂ ਖੁੱਲ੍ਹੀ ਅਤੇ ਸਰਕਾਰ ਨੇ ਮੁਲਾਜ਼ਮ ਮੰਗਾਂ ਪ੍ਰਤੀ ਕੋਈ ਸੁਹਿਰਦਤਾ ਜ਼ਾਹਿਰ ਨਹੀਂ ਕੀਤੀ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਵੱਲੋਂ ਡੀ.ਸੀ. ਦਫ਼ਤਰ ਕਾਮਿਆਂ ਦੀਆਂ ਹੱਕੀ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸੀ ਸਗੋਂ ਡੀ.ਸੀ. ਦਫ਼ਤਰਾਂ ਤੇ ਹੀ ਪੁਨਰਗਠਨ ਦੀ ਕੁਹਾੜੀ ਚਲਾ ਦਿੱਤੀ ਹੈ ਜਿਸ ਦੇ ਚਲਦਿਆਂ ਬਹੁਤ ਸਾਰੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡੀ.ਸੀ. ਦਫ਼ਤਰ ਦੇ ਕਾਮੇ ਹਰ ਸਮੇਂ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਦੇ ਹਨ, ਚਾਹੇ ਹੜ੍ਹ ਆਉਣ ਜਾਂ ਕੋਈ ਬਿਮਾਰੀ ਫੈਲੇ ਜਾਂ ਕਿਸੇ ਹੋਰ ਪ੍ਰਕਾਰ ਦੀ ਕੋਈ ਕੁਦਰਤੀ ਆਫਤ ਆਵੇ, ਡੀ.ਸੀ. ਦਫ਼ਤਰਾਂ ਦੇ ਕਾਮੇ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਹੋ ਕੇ ਆਪਣੀ ਡਿਊਟੀ ਨਿਭਾਉਂਦੇ ਹਨ ਪ੍ਰੰਤੂ ਹਰ ਵਾਰ ਸਰਕਾਰ ਵੱਲੋਂ ਡੀ.ਸੀ. ਦਫ਼ਤਰ ਕਾਮਿਆਂ ਨੂੰ ਹੀ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਜਿਲ੍ਹਾ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਅਫ਼ਸਰਾਂ ਦੀ ਕਮੇਟੀ ਅਤੇ ਗਰੁੱਪ ਆਫ ਮਨਿਸਟਰਜ਼ ਦੀ ਮੀਟਿੰਗ ਨੂੰ ਆਪਣੀਆਂ ਕੁਰਸੀਆਂ ਦੇ ਚੱਕਰ ਵਿੱਚ ਰੱਦ ਕਰਨਾ ਇਹ ਦਰਸਾਉਂਦਾ ਹੈ ਕਿ ਸਰਕਾਰ  ਦੇ ਲੀਡਰਾਂ ਨੂੰ ਲੋਕ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ ਇਹ ਕੇਵਲ ਆਪਣੀਆਂ ਕੁਰਸੀਆਂ ਦੇ ਹੀ ਭੁੱਖੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਮੁਲਾਜ਼ਮ ਹਿਤੈਸ਼ੀ ਹਨ ਤਾਂ 31 ਜੁਲਾਈ 2021 ਤੱਕ ਆਪਣੀ ਪਾਰਟੀ ਦੀ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਵਾਏ ਨਹੀਂ ਤਾਂ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਵਾਂਗ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਅਤੇ ਇਸ ਤੋਂ ਇਲਾਵਾ  ਇਸਦਾ ਖਾਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੇ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਡੀ.ਸੀ. ਦਫ਼ਤਰ ਕਾਮਿਆਂ ਦੀ ਕਲਮਛੋੜ ਹੜਤਾਲ ਕਾਰਨ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। 
 
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਸਰਕਾਰ ਦੀ ਨੀਂਦ ਨਾ ਖੁੱਲ੍ਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਗਰੁੱਪ 
ਏ.ਬੀ.ਸੀ. ਦੀਆਂ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਡੀ.ਸੀ. ਦਫ਼ਤਰ ਦੇ ਕਰਮਚਾਰੀ ਹਾਜ਼ਰ ਸਨ।
 
ਫੋਟੋ ਕੈਪਸ਼ਨ: ਸਰਕਾਰ ਦਾ ਪੁਤਲਾ ਫੂਕਦੇ ਹੋਏ ਡੀ.ਸੀ. ਦਫ਼ਤਰ ਦੇ ਕਾਮੇ ।