You are currently viewing ਮੁੱਖ ਮੰਤਰੀ ਵੱਲੋਂ ਤਲਵੰਡੀ ਸਾਬੋ ਵਿਖੇ 100 ਬਿਸਤਿਰਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ

ਮੁੱਖ ਮੰਤਰੀ ਵੱਲੋਂ ਤਲਵੰਡੀ ਸਾਬੋ ਵਿਖੇ 100 ਬਿਸਤਿਰਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ

ਮੁੱਖ ਮੰਤਰੀ ਵੱਲੋਂ ਤਲਵੰਡੀ ਸਾਬੋ ਵਿਖੇ 100 ਬਿਸਤਿਰਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ

ਬਠਿੰਡਾ, 20 ਜੁਲਾਈ (ਲਖਵਿੰਦਰ ਸਿੰਘ ਗੰਗਾ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੇ ਟਾਕਰੇ ਲਈ ਸੂਬੇ ਦੀਆਂ ਤਿਆਰੀਆਂ ਨੂੰ ਵਧਾਉਂਦੇ ਹੋਏ ਜ਼ਿਲ੍ਹੇ ਦੇ ਪਿੰਡ ਕਣਕਵਾਲ (ਤਲਵੰਡੀ ਸਾਬੋ) ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਵਰਚੂਅਲ ਤੌਰ ਉਤੇ ਉਦਘਾਟਨ ਕੀਤਾ।

ਇਸ ਵਰਚੂਅਲ ਪ੍ਰੋਗਰਾਮ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ, ਵਾਇਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸ ਡਾ. ਰਾਜ ਬਹਾਦਰ, ਡਾਇਰੈਕਟਰ ਹੈਲਥ ਐਂਡ ਫ਼ੈਮਲੀ ਵੈਲਫ਼ੇਅਰ ਸ਼੍ਰੀ ਜੀਬੀ ਸਿੰਘ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਅਤੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮੂਲਿਆ ਗਰਗ ਆਦਿ ਅਧਿਕਾਰੀ ਹਾਜ਼ਰ ਰਹੇ।

ਭਿਆਨਕ ਮਹਾਮਾਰੀ ਦੀਆਂ ਭਵਿੱਖੀ ਲਹਿਰਾਂ ਨਾਲ ਨਿਪਟਣ ਲਈ ਹਸਪਤਾਲ ਦੇ ਵਿਕਾਸ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ (ਐਚ.ਐਮ.ਈ.ਐਲ.) ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਜੰਗ ਦੇ ਸਮੇਂ ਦੌਰਾਨ ਹਰੇਕ ਚੁਣੌਤੀ ਵਿੱਚੋਂ ਉਭਰਨ ਲਈ ਪੰਜਾਬੀਆਂ ਦੇ ਹੌਂਸਲੇ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਜਾਦੀ ਤੋਂ ਲੈ ਕੇ ਹੋਈ ਕਿਸੇ ਵੀ ਜੰਗ ਵਿਚ ਏਨੀਆਂ ਮਨੁੱਖੀਆਂ ਜਾਨਾਂ ਨਹੀਂ ਗਈਆਂ ਜਿਨ੍ਹਾਂ ਨੁਕਸਾਨ ਇਸ ਮਹਾਮਾਰੀ ਵਿਚ ਹੋਇਆ ਹੈ। ਉਨ੍ਹਾਂ ਕਿਹਾ, “ਅਸੀਂ ਇਕਜੁਟ ਹੋ ਕੇ ਲੜੇ ਪਰ ਜੰਗ ਅਜੇ ਵੀ ਜਾਰੀ ਹੈ ਅਤੇ ਸਾਨੂੰ ਤੀਜੀ ਲਹਿਰ ਲਈ ਤਿਆਰ ਰਹਿਣਾ ਹੋਵੇਗਾ।”

ਮੁੱਖ ਮੰਤਰੀ ਨੇ ਚੇਤੇ ਕਰਦੇ ਹੋਏ ਕਿਹਾ ਕਿ ਤਲਵੰਡੀ ਸਾਬੋ ਤੋਂ ਆਪਣੀ ਪਹਿਲੀ ਚੋਣ ਲੜਨ ਵੇਲੇ ਇਹ ਇਲਾਕਾ ਵੀਰਾਨ ਹੁੰਦਾ ਸੀ ਅਤੇ ਬਹੁਤ ਘੱਟ ਸਹੂਲਤਾਂ ਹੁੰਦੀਆਂ ਸਨ ਅਤੇ ਉਸ ਵੇਲੇ ਤੋਂ ਲੈ ਕੇ ਬਹੁਤ ਤਰੱਕੀ ਹੀ ਹੈ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਬਹੁਤ ਘੱਟ ਸਮੇਂ ਵਿਚ ਇਸ ਹਸਪਤਾਲ ਦਾ ਬਣਨਾ ਮਿਸਾਲੀ ਪ੍ਰਾਪਤੀ ਹੈ। ਉਨ੍ਹਾਂ ਨੇ ਇਸ ਹਸਪਤਾਲ ਨੂੰ ਚਲਾਉਣ ਤੇ ਪ੍ਰਬੰਧਨ ਲਈ ਸਿਹਤ ਮੰਤਰਾਲੇ ਨੂੰ ਸੌਂਪਣ ਤੋਂ ਪਹਿਲਾਂ ਇਸ ਵਿਲੱਖਣ ਪ੍ਰਾਪਤੀ ਲਈ ਕੇਂਦਰੀ ਇਮਾਰਤ ਖੋਜ ਸੰਸਥਾ (ਸੀ.ਬੀ.ਆਰ.ਆਈ.) ਦੇ ਡਾਇਰੈਕਟਰ ਐਨ. ਗੋਪਾਲਾਕ੍ਰਿਸ਼ਨ ਦੀ ਅਗਵਾਈ ਵਾਲੀ ਤਕਨੀਕੀ ਟੀਮ ਦਾ ਧੰਨਵਾਦ ਕੀਤਾ।

ਕੇਂਦਰੀ ਇਮਾਰਤ ਖੋਜ ਸੰਸਥਾ, ਰੁੜਕੀ ਦੀ ਰਹਿਨੁਮਾਈ ਹੇਠ ਐਚ.ਐਮ.ਈ.ਐਲ. ਰਿਫਾਇਨਰੀ, ਬਠਿੰਡਾ ਦੀ ਮਦਦ ਨਾਲ 651.21 ਲੱਖ ਰੁਪਏ ਖਰਚ ਕੇ ਕੋਵਿਡ ਮਰੀਜ਼ਾਂ ਲਈ 100 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਬਣਾਇਆ ਹੈ।

ਪੰਜਾਬ ਸਰਕਾਰ ਨੇ ਇਸ ਹਸਪਤਾਲ ਦੀ ਸਥਾਪਨਾ ਲਈ 4,51,21,000 ਰੁਪਏ ਰਾਜ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਅਦਾ ਕੀਤੇ ਜਦਕਿ ਐਚ.ਐਮ.ਈ.ਐਲ. ਰਿਫਾਇਨਰੀ, ਫੁੱਲੋਖਾਰੀ ਨੇ ਸੀ.ਐਸ.ਆਰ. ਫੰਡਾਂ ਵਿੱਚੋਂ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।

ਐਚ.ਐਮ.ਈ.ਐਲ. ਰਿਫਾਇਨਰੀ ਨੇ ਹਸਪਤਾਲ ਦੀ ਸਥਾਪਨਾ ਲਈ 2.6 ਏਕੜ ਜਗ੍ਹਾ ਦਿੱਤੀ ਸੀ। ਇਹ ਜਗ੍ਹਾ ਲੋੜ ਮੁਤਾਬਕ ਭਵਿੱਖ ਵਿਚ 200 ਬਿਸਤਰਿਆਂ ਤੱਕ ਵਿਸਤਾਰ ਕਰਨ ਲਈ ਉਚਿਤ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਿਕਾਰਡ ਸਮੇਂ ਵਿੱਚ ਅਜਿਹੀ ਸੰਸਥਾ ਸਥਾਪਤ ਕੀਤੇ ਜਾਣ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੌਮੀ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਦ੍ਰਿੜ ਇਰਾਦੇ ਨਾਲ ਔਕੜਾਂ ਦਾ ਸਾਹਮਣਾ ਕੀਤਾ ਗਿਆ ਹੈ ਅਤੇ ਇਸ ਮੁਸ਼ਕਿਲ ਮੌਕੇ ਹਾਲਾਤ ਨਾਲ ਨਜਿੱਠਣ ਲਈ ਨੌਜਵਾਨ ਅਫਸਰ ਵਧਾਈ ਦੇ ਪਾਤਰ ਹਨ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਮੁਹਾਲੀ ਵਿੱਚ ਵੀ ਅਜਿਹਾ ਸੰਸਥਾਨ ਛੇਤੀ ਹੀ ਸਥਾਪਤ ਕੀਤਾ ਜਾਵੇਗਾ।

ਐਚ.ਐਮ.ਈ.ਐਲ. ਦੇ ਮੁੱਖ ਕਾਰਜਕਾਰੀ ਅਫਸਰ ਪ੍ਰਭ ਦਾਸ ਨੇ ਇਸ ਆਰਜ਼ੀ ਸੰਸਥਾਨ, ਜੋ ਕਿ ਰਾਮਾ ਮੰਡੀ, ਤਲਵੰਡੀ ਸਾਬੋ ਅਤੇ ਬਠਿੰਡਾ ਸ਼ਹਿਰ ਵਰਗੇ ਨੇੜਲੇ ਕਸਬਿਆਂ ਨਾਲ ਜੁੜੇ ਹੋਏ ਹਨ, ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬਠਿੰਡਾ ਅਤੇ ਤਲਵੰਡੀ ਸਾਬੋ ਬਲਾਕਾਂ ਦੀ ਪੇਂਡੂ ਆਬਾਦੀ ਨੂੰ ਫਾਇਦਾ ਮਿਲੇਗਾ।

ਇਸ ਹਸਪਤਾਲ ’ਤੇ ਕੰਮ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲੈਣ ਤੋਂ ਬਾਅਦ ਮਈ ਮਹੀਨੇ ਦੇ ਆਖ਼ਿਰ ਵਿੱਚ ਸ਼ੁਰੂ ਹੋ ਗਿਆ ਸੀ ਅਤੇ ਡੇਢ ਮਹੀਨੇ ਦੇ ਸਮੇਂ ਵਿੱਚ ਕਈ ਵਿਭਾਗਾਂ ਅਤੇ ਏਜੰਸੀਆਂ ਵੱਲੋਂ ਮਿਲ ਕੇ ਹੰਭਲਾ ਮਾਰੇ ਜਾਣ ਕਰਕੇ ਪੂਰਾ ਹੋ ਗਿਆ ਸੀ। ਸੀ.ਬੀ.ਆਰ.ਆਈ., ਰੁੜਕੀ ਨੇ ਜਿੱਥੇ ਇਸਦੇ ਢਾਂਚੇ ਦੇ ਡਿਜ਼ਾਈਨ ਤਿਆਰ ਕਰਨ ਅਤੇ ਫਰਨੀਚਰ ਦੀ ਖਰੀਦ ਕਰਨ ਦਾ ਕਾਰਜ ਕੀਤਾ, ਉਥੇ ਹੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਉਪ ਕੁਲਪਤੀ ਨੇ ਮੈਡੀਕਲ ਸਾਜ਼ੋ-ਸਾਮਾਨ ਖਰੀਦਣ ਦੀ ਜ਼ਿੰਮੇਵਾਰੀ ਨਿਭਾਈ। ਐਚ.ਐਮ.ਈ.ਐਲ. ਰਿਫਾਈਨਰੀ ਵੱਲੋਂ ਬਾਹਰੀ ਸੇਵਾਵਾਂ ਜਿਵੇਂ ਕਿ ਪਾਣੀ ਦੀ ਪਾਈਪਲਾਈਨ, ਪੀਣ ਵਾਲੇ ਪਾਣੀ ਦੀ ਪਾਈਪਲਾਈਨ, ਸੈਪਟਿਕ ਟੈਂਕ , ਸੋਕੇਜ ਪਿੱਟ, ਬਿਜਲੀ ਸਪਲਾਈ ਤਾਰ, ਬਿਜਲੀ ਸਬੰਧੀ ਹੋਰ ਸਾਜ਼ੋ-ਸਾਮਾਨ ਅਤੇ ਆਕਸੀਜਨ ਪਾਈਪਲਾਈਨ ਨੂੰ ਹਸਪਤਾਲ ਵਿਖੇ ਮੁਹੱਈਆ ਕਰਵਾਏ ਜਾਣ ਦੇ 200 ਲੱਖ ਰੁਪਏ ਦੇ ਕੰਮ ਸੰਪੂਰਣ ਕੀਤੇ ਗਏ।

ਵਰਚੂਅਲ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਏਅਰ ਕੰਡੀਸ਼ਨਡ ਹਸਪਤਾਲ ਵਿੱਚ 25 ਬਿਸਤਰੇ ਐਲ-3 ਪੱਧਰ ਅਤੇ 75 ਬਿਸਤਰੇ ਐਲ-2 ਪੱਧਰ ਦੇ ਹਨ। ਇਹ ਹਸਪਤਾਲ ਕੋਵਿਡ-19 ਦੇ ਸਭ ਪ੍ਰਕਾਰ ਦੇ ਮਰੀਜ਼ਾਂ ਦੇ ਇਲਾਜ ਲਈ ਢੁਕਵਾਂ ਹੈ। ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਐਕਸ-ਰੇ ਮਸ਼ੀਨਾਂ, ਈ.ਸੀ.ਜੀ., ਪਾਥ ਲੈਬ ਦੀ ਸੁਵਿਧਾ, 247 ਆਕਸੀਜਨ, ਬਿਜਲੀ, ਪਾਣੀ ਅਤੇ ਸੀਵੇਜ ਦੀ ਸੁਵਿਧਾ ਐਚ.ਐਮ.ਈ.ਐਲ. ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਹਸਪਤਾਲ ਦਾ ਇਸਤੇਮਾਲ ਸਥਾਨਕ ਲੋਕਾਂ ਲਈ ਟੀਕਾਕਰਨ ਕੈਂਪ ਅਤੇ ਹੋਰ ਓ.ਪੀ.ਡੀ. ਸੇਵਾਵਾਂ ਹਿੱਤ ਵੀ ਕੀਤਾ ਜਾ ਸਕਦਾ ਹੈ। ਕੋਵਿਡ ਦੇ ਮਾਮਲੇ ਵਧਣ ਦੀ ਸੂਰਤ ਵਿੱਚ ਲੋੜ ਅਨੁਸਾਰ ਐਸ.ਡੀ.ਆਰ.ਐਫ. ਦੇ ਫੰਡਾਂ ਵਿੱਚੋਂ ਖਰਚਾ ਕਰਕੇ ਹੋਰ ਵਿਅਕਤੀਆਂ ਦੀ ਤਾਇਨਾਤੀ ਕੀਤੀ ਜਾਵੇਗੀ।