ਕੋਵਿਡ ਪਾਜਿਟਿਵ ਆਏ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸੇਵਾ ਕੇਂਦਰਾਂ ਵਿੱਚ ਹੋਵੇਗੀ ਰਜਿਸਟ੍ਰੇਸ਼ਨ
ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਖੇ ਇਹ ਸੇਵਾ ਹੋਵੇਗੀ ਉਪਲਬਧ
ਬਠਿੰਡਾ, 15 ਜੁਲਾਈ (ਲਖਵਿੰਦਰ ਸਿੰਘ ਗੰਗਾ)
ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਪਾਜਿਟਿਵ ਆਉਣ ਵਾਲੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਅਹਿਮ ਫੈਸਲਾ ਕੀਤਾ ਗਿਆ ਹੈ। ਕਿਰਤ ਵਿਭਾਗ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਇਸ ਸਹਾਇਤਾ ਲਈ ਹੁਣ ਸੂਚੀਬੱਧ ਉਸਾਰੀ ਕਿਰਤੀ ਕਾਮੇ ਜਾਂ ਉਸਦੇ ਪਰਿਵਾਰ ਦੇ ਨਜ਼ਦੀਕੀ ਮੈਂਬਰ ਨੂੰ ਕੋਵਿਡ-19 ਮਹਾਂਮਾਰੀ ਦੀ ਲਾਗ ਤੋਂ ਪੀੜਤ ਹੋਣ ਉਪਰੰਤ ਵਿੱਤੀ ਸਹਾਇਤਾ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਲਈ ਕੇਵਲ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਇਸ ਸਬੰਧੀ ਹੋਰ ਦੱਸਿਆ ਕਿ ਕੋਵਿਡ ਪਾਜਿਟਿਵ ਆਉਣ ਵਾਲੇ ਤੇ ਇਕਾਂਤਵਾਸ ਰਹਿਣ ਵਾਲੇ ਉਸਾਰੀ ਕਿਰਤੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਰਜਿਸਟ੍ਰੇਸ਼ਨ ਤੇ ਫਾਰਮ ਜਮਾਂ ਕਰਵਾਉਣ ਲਈ ਸੇਵਾ ਕੇਂਦਰਾਂ ਵਿਖੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਸੇਵਾ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਿਖੇ ਉਪਲਬਧ ਹੋਵੇਗੀ ਅਤੇ ਇਸ ਲਈ ਨਾਮਾਤਰ ਕੇਵਲ 10 ਰੁਪਏ ਦੀ ਸੇਵਾ ਫੀਸ ਰੱਖੀ ਗਈ ਹੈ।
ਸ੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਕੋਵਿਡ ਪਾਜਿਟਿਵ ਆਉਣ ਮਗਰੋਂ ਇਕਾਂਤਵਾਸ ਰਹੇ ਉਸਾਰੀ ਕਿਰਤੀ ਕਾਮੇ ਨੂੰ ਇਸ ਵਿੱਤੀ ਸਹਾਇਤਾ ਲਈ ਯੋਗ ਮੰਨਿਆ ਗਿਆ ਹੈ। ਇਸ ਲਈ ਕਿਰਤ ਵਿਭਾਗ ਕੋਲ ਸੂਚੀਬੱਧ ਕਾਮੇ ਨੂੰ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ, ਜਿੱਥੇ ਉਸਨੂੰ ਲੋੜੀਂਦੇ ਦਸਤਾਵੇਜਾਂ ਨਾਲ ਆਪਣੀ ਅਰਜ਼ੀ ਆਨਲਾਈਨ ਜਮਾਂ ਕਰਵਾਉਣੀ ਹੋਵੇਗੀ। ਇਸ ਲਈ ਕੋਈ ਵੀ ਅਰਜ਼ੀ ਦਸਤੀ ਜਾਂ ਨਿਜੀ ਤੌਰ ‘ਤੇ ਸਵੀਕਾਰ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਦੇ ਸਾਰੇ ਸੇਵਾ ਕੇਂਦਰਾਂ ਵਿਖੇ ਇਹ ਸੇਵਾ ਉਪਲੱਬਧ ਹੋਵੇਗੀ ਜਿੱਥੇ ਯੋਗ ਤੇ ਰਜਿਸਟਰਡ ਉਸਾਰੀ ਕਿਰਤੀ ਇਹ ਸੇਵਾ ਪ੍ਰਾਪਤ ਕਰ ਸਕਦੇ ਹਨ।