ਕੋਵਿਡ ਕੇਅਰ ਮੇਕ ਸੈਂਟਰ ਜਲਦ ਹੋਵੇਗਾ ਚਾਲੂ : ਡਿਪਟੀ ਕਮਿਸ਼ਨਰ ਬਠਿੰਡਾ
ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਠਿੰਡਾ, 14 ਜੁਲਾਈ (ਲਖਵਿੰਦਰ ਸਿੰਘ)
ਕਰੋਨਾ ਮਹਾਂਮਾਰੀ ਦੀ ਦੂਸਰੀ ਵੇਵ ਦੇ ਦਿਨ-ਬ-ਦਿਨ ਘੱਟ ਰਹੇ ਪ੍ਰਭਾਵ ਉਪਰੰਤ ਸੰਭਾਵੀ ਤੀਸਰੀ ਲਹਿਰ ਦੇ ਟਾਕਰੇ ਲਈ ਜ਼ਿਲੇ ਦੇ ਪਿੰਡ ਕਣਕਵਾਲ ਵਿਖੇ ਬਣਾਇਆ ਜਾ ਰਿਹਾ ਕੋਵਿਡ ਕੇਅਰ ਮੇਕ ਸੈਂਟਰ ਲੱਗਭਗ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ ਨੂੰ ਬਹੁਤ ਜਲਦ ਸਿਹਤ ਵਿਭਾਗ ਦੇ ਹਵਾਲੇ ਕਰਕੇ ਚਾਲੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਇਸ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਮੌਕੇ ਸਾਂਝੀ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਕੋਵਿਡ ਕੇਅਰ ਮੇਕ ਸੈਂਟਰ ਵਿਖੇ ਲੈਵਲ ਦੋ ਦੇ 100 ਬੈੱਡ ਸਥਾਪਤ ਕੀਤੇ ਜਾ ਰਹੇ ਹਨ। 25-25 ਬੈੱਡ ਦੇ ਚਾਰ ਬਲਾਕਾਂ ਵਾਲੇ ਇਸ ਕੋਵਿਡ ਕੇਅਰ ਮੇਕ ਸੈਂਟਰ ਵਿਖੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਜਾਵੇਗਾ।ਇਸ ਦੌਰਾਨ ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ 2 ਦਿਨਾਂ ਵਿੱਚ ਆਪੋ-ਆਪਣੇ ਵਿਭਾਗ ਨਾਲ ਸਬੰਧਤ ਕੰਮ-ਕਾਜ ਦੀ ਟੈਸਟਿੰਗ ਮੁਕੰਮਲ ਕਰਕੇ ਇਸ ਸਬੰਧੀ ਸਰਟੀਫਿਕੇਟ ਦੇਣਾ ਯਕੀਨੀ ਬਣਾਉਣ, ਤਾਂ ਜੋ ਇਸ ਕੋਵਿਡ ਕੇਅਰ ਸੈਂਟਰ ਨੂੰ ਜਲਦ ਸਿਹਤ ਵਿਭਾਗ ਦੇ ਹਵਾਲੇ ਕਰਕੇ ਇਸ ਨੂੰ ਕਰੋਨਾ ਪ੍ਰਭਾਵਿਤ ਮਰੀਜਾਂ ਦੇ ਇਲਾਜ ਲਈ ਵਰਤੋਂ ਵਿੱਚ ਲਿਆਂਦਾ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾਇਰੈਕਟਰ ਸੀ.ਬੀ.ਆਰ.ਆਈ ਰੁੜਕੀ ਡਾ.ਸੁਰਵੀਰ ਸਿੰਘ, ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਕਾਰਜਕਾਰੀ ਇੰਜੀਨੀਅਰ ਸ੍ਰੀ ਮਨਪ੍ਰੀਤ ਅਰਸ਼ੀ, ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮੁੱਲਿਆ ਗਰਗ, ਕਾਰਜਕਾਰੀ ਇੰਜੀਨੀਅਰ ਪੀ.ਡਬਲਿਯੂ.ਡੀ. ਇਲੈਕਟ੍ਰੀਕਲ ਵਿੰਗ ਸ਼੍ਰੀ ਜਤਿੰਦਰ ਅਰਜਨ ਆਦਿ ਅਧਿਕਾਰੀ ਹਾਜ਼ਰ ਸਨ।