ਡਿਪਟੀ ਕਮਿਸ਼ਨਰ ਨੇ ਜ਼ਿਲੇ ਅੰਦਰ ਲਗਾਏ ਮੈਗਾ ਕਰੋਨਾ ਵੈਕਸੀਨੇਸ਼ਨ ਕੈਂਪਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਧਾਰਮਿਕ ਸੰਸਥਾਵਾਂ ਤੇ ਪੰਚਾਇਤਾਂ ਵਲੋਂ ਦਿੱਤੇ ਗਏ ਸਹਿਯੋਗ ਦੀ ਕੀਤੀ ਸ਼ਲਾਘਾ
ਸ਼ਾਮ 4 ਵਜੇ ਤੱਕ ਕਰੀਬ 15 ਹਜ਼ਾਰ ਵਿਅਕਤੀਆਂ ਦੀ ਹੋਈ ਵੈਕਸੀਨੇਸ਼ਨ
ਬਠਿੰਡਾ, 3 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕੋਵਿਡ-19 ਦੇ ਖਾਤਮੇ ਤੇ ਸੰਭਾਵੀ ਤੀਸਰੀ ਵੇਵ ਦੇ ਟਾਕਰੇ ਲਈ ਜ਼ਿਲੇ ਅੰਦਰ ਵੱਖ-ਵੱਖ ਸਥਾਨਾਂ ’ਤੇ ਲਗਾਏ ਮੈਗਾ ਵੈਕਸੀਨੇਸ਼ਨ ਕੈਂਪਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਜਿੱਥੇ ਕਰੋਨਾ ਵੈਕਸੀਨੇਸ਼ਨ ਕੈਂਪਾਂ ਦੌਰਾਨ ਧਾਰਮਿਕ ਸੰਸਥਾਵਾਂ ਤੇ ਪੰਚਾਇਤਾਂ ਵਲੋਂ ਪਾਏ ਗਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਉੱਥੇ ਹੀ ਉਨਾਂ ਵੱਖ-ਵੱਖ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਲਗਾਏ ਗਏ ਕੈਂਪਾਂ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪੰਚਾਂ, ਸਰਪੰਚਾਂ, ਨੰਬਰਦਾਰਾਂ ਐਮ.ਸੀਜ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ ਆਦਿ ਵਲੋਂ ਦਿੱਤੇ ਗਏ ਸਹਿਯੋਗ ਦੀ ਵੀ ਪ੍ਰਸੰਸਾਂ ਕੀਤੀ ਗਈ।
ਗਿੱਲ ਪੱਤੀ ਵਿਖੇ ਸਥਿਤ ਡੇਰਾ ਰਾਧਾ ਸੁਆਮੀ ’ਚ ਲਗਾਏ ਗਏ ਕਰੋਨਾ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਅੰਦਰ ਕਰੀਬ 139 ਸਥਾਨਾਂ ’ਤੇ ਇਸ ਤਰਾਂ ਦੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਗਏ ਹਨ। ਇਨਾਂ ਕੈਂਪਾਂ ਦੌਰਾਨ ਲਗਭਗ 30 ਹਜ਼ਾਰ ਵਿਅਕਤੀਆਂ ਦੀ ਵੈਕਸੀਨੇਸ਼ਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਕੈਂਪ ਸਵੇਰੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਦੌਰੇ ਦੌਰਾਨ ਜਿੱਥੇ ਉਨਾਂ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ ਤੇ ਇਸ ਦੀ ਸੰਭਾਵੀਂ ਤੀਸਰੀ ਵੇਵ ਤੋਂ ਬਚਿਆ ਜਾ ਸਕੇ।
ਇਸ ਮੌਕੇ ਡੇਰਾ ਰਾਧਾ ਸੁਆਮੀ ਗਿੱਲ ਪੱਤੀ ਦੇ ਪ੍ਰਧਾਨ ਸ਼੍ਰੀ ਦਿਨੇਸ਼ ਯਾਦਵ ਅਤੇ ਸੈਕਟਰੀ ਸ਼੍ਰੀ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਡੇਰਾ ਗਿੱਲ ਪੱਤੀ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਜਿੱਥੇ ਰੋਜ਼ਾਨਾ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਉੱਥੇ ਹੀ ਕਰੋਨਾ ਪ੍ਰਭਾਵਿਤ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਡੇਰੇ ਵਲੋਂ ਕਰੀਬ 11500 ਮਰੀਜ਼ਾਂ ਦੀ ਮੁਫ਼ਤ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ।
ਇਸ ਦੌਰਾਨ ਡੇਰੇ ਵਲੋਂ ਕਰੋਨਾ ਪ੍ਰਭਾਵਿਤ ਤੇ ਲੋੜਵੰਦ ਵਿਅਕਤੀਆਂ ਨੂੰ ਤਕਰੀਬਨ 13400 ਫੂਡ ਕਿੱਟਾਂ ਵੀ ਵੰਡੀਆਂ ਗਈਆਂ। ਉਨਾਂ ਹੋਰ ਦੱਸਿਆ ਕਿ ਇਸ ਡੇਰੇ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਰੋਜ਼ਾਨਾ ਸ਼ਾਮ 4:30 ਤੋਂ ਸ਼ਾਮ 6:30 ਵਜੇ ਤੱਕ ਕੈਂਪ ਲਗਾ ਕੇ ਮੁਫ਼ਤ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਹਰ ਐਤਵਾਰ ਨੂੰ ਸਵੇਰੇ 8 ਤੋਂ ਲੈ ਕੇ ਸ਼ਾਮ 6:30 ਵਜੇ ਤੱਕ ਸਾਰਾ ਦਿਨ ਹੀ ਵੈਕਸੀਨੇਸ਼ਨ ਕੀਤੀ ਜਾਂਦੀ ਹੈ।
ਉਨਾਂ ਇਹ ਵੀ ਦੱਸਿਆ ਕਿ ਸਾਧਨਹੀਣ ਅਤੇ ਲੋੜਵੰਦ ਵਿਅਕਤੀਆਂ ਦੀ ਕਰੋਨਾ ਵੈਕਸੀਨੇਸ਼ਨ ਲਈ ਉਨਾਂ ਨੂੰ ਘਰਾਂ ਤੋਂ ਲਿਆਉਣ ਤੇ ਵਾਪਸ ਛੱਡਣ ਲਈ ਆਵਾਜਾਈ ਸਾਧਨਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਰੇ ਅੰਦਰ ਪੁੱਜੇ ਬਜੁਰਗ ਤੇ ਅਪਹਾਜ਼ ਵਿਅਕਤੀਆਂ ਲਈ ਕੈਂਪ ਵਾਲੀ ਥਾਂ ’ਤੇ ਲਿਜਾਣ ਲਈ ਈ-ਰਿਕਸ਼ਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ। ਕੈਂਪ ਵਾਲੇ ਸਥਾਨ ’ਤੇ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਂਦੀ ਹੈ।
ਲਗਾਏ ਗਏ ਮੈਗਾ ਕਰੋਨਾ ਵੈਕਸੀਨੇਸ਼ਨ ਕੈਂਪਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਰੋਨਾ ਟੀਕਾਕਰਨ ਦੇ ਜ਼ਿਲਾ ਨੋਡਲ ਅਫ਼ਸਰ ਡਾ. ਪਮਿਲ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ ਜ਼ਿਲੇ ਅੰਦਰ ਲਗਭਗ 15 ਹਜ਼ਾਰ ਵਿਅਕਤੀਆਂ ਵਲੋਂ ਕਰੋਨਾ ਵੈਕਸੀਨ ਲਗਵਾਈ ਜਾ ਚੁੱਕੀ ਹੈ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਵਿਅਕਤੀਆਂ ਦੀ ਵੈਕਸੀਨੇਸ਼ਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।