You are currently viewing ਮੋਹਾਲੀ ਨੂੰ ਮੈਡੀਕਲ-ਹੱਬ ਵਜੋਂ ਕੀਤਾ ਜਾ ਰਿਹੈ ਵਿਕਸਿਤ: ਬਲਬੀਰ ਸਿੰਘ ਸਿੱਧੂ

ਮੋਹਾਲੀ ਨੂੰ ਮੈਡੀਕਲ-ਹੱਬ ਵਜੋਂ ਕੀਤਾ ਜਾ ਰਿਹੈ ਵਿਕਸਿਤ: ਬਲਬੀਰ ਸਿੰਘ ਸਿੱਧੂ

ਮੋਹਾਲੀ ਨੂੰ ਮੈਡੀਕਲ-ਹੱਬ ਵਜੋਂ ਕੀਤਾ ਜਾ ਰਿਹੈ ਵਿਕਸਿਤ: ਬਲਬੀਰ ਸਿੰਘ ਸਿੱਧੂ
ਮੋਹਾਲੀ ਵਿਖੇ 8.72 ਏਕੜ ਵਿੱਚ ਨਵਾਂ ਸਿਵਲ ਹਸਪਤਾਲ ਕੀਤਾ ਜਾਵੇਗਾ ਸਥਾਪਤ; ਗਮਾਡਾ ਨੇ ਅਲਾਟ ਕੀਤੀ ਜ਼ਮੀਨ
ਡੇਰਾਬੱਸੀ ਵਿੱਚ 50  ਬੈੱਡਾਂ ਵਾਲੇ ਆਯੂਸ਼ ਹਸਪਤਾਲ ਦੀ ਕੀਤੀ ਜਾ ਰਹੀ ਉਸਾਰੀ
ਮੋਹਾਲੀ ਲਈ ਸਰਕਾਰੀ ਨਰਸਿੰਗ ਕਾਲਜ ਨੂੰ ਮਿਲੇਗੀ ਮਨਜ਼ੂਰੀ
ਚੰਡੀਗੜ੍ਹ/ਐਸ.ਏ.ਐਸ. ਨਗਰ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਮੋਹਾਲੀ ਨੂੰ ਸੂਬੇ ਵਿੱਚ ਮੈਡੀਕਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਨਵੇਂ ਸਿਵਲ ਹਸਪਤਾਲ ਦੀ ਉਸਾਰੀ ਲਈ ਮੋਹਾਲੀ ਗਰੇਟਰ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ 8.72 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਉਸਾਰੀ ਲਈ ਸੈਕਟਰ-66 ਵਿਚ 18 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੀ 42204.8 ਵਰਗ ਗਜ ਜ਼ਮੀਨ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਹਸਪਤਾਲ ਜਲਦ ਹੀ ਡੇਰਾਬਾਸੀ ਤਕ ਸਥਾਨਕ ਵਸੋਂ ਦੇ ਵੱਡੇ ਹਿੱਸੇ ਦੀਆਂ ਸਿਹਤ ਸਬੰਦੀ ਲੋੜਾਂ ਨੂੰ ਸਫ਼ਲਤਾਪੂਰਵਕ ਪੂਰਾ ਕਰੇਗਾ। ਇਹ ਹਸਪਤਾਲ ਸਾਰੀਆਂ ਡਾਕਟਰੀ ਸਹੂਲਤਾਂ ਅਤੇ ਆਧੁਨਿਕ ਡਾਕਟਰੀ ਉਪਕਰਨਾਂ ਨਾਲ ਲੈਸ ਹੋਵੇਗਾ।
ਸਿਹਤ ਮੰਤਰੀ ਨੇ ਕਿਹਾ “ਮੁੱਖ ਮੰਤਰੀ, ਪੰਜਾਬ ਨੇ ਹਸਪਤਾਲ ਦੀ ਉਸਾਰੀ ਲਈ ਫੰਡ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।“ ਉਨ੍ਹਾਂ ਲੈਂਟਰ ਆਫ਼ ਇੰਟੈਂਟ (ਐਲ.ਓ.ਆਈ.) ਜਲਦ ਜਾਰੀ ਕਰਨ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ  ਸ. ਸੁਖਬਿੰਦਰ ਸਿੰਘ ਸਰਕਾਰੀਆ ਦਾ ਧੰਨਵਾਦ ਕੀਤਾ।
ਇਸ ਦੌਰਾਨ, ਖੇਤਰ ਵਿਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਦਿਆਲਪੁਰਾ, ਡੇਰਾਬੱਸੀ ਵਿਖੇ ਆਪਣੀ ਤਰ੍ਹਾਂ ਦਾ ਪਹਿਲਾ ਆਯੂਸ਼ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ।ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਨ ਅਤੇ ਕੁਦਰਤੀ ਢੰਗ ਨਾਲ ਸਿਹਤਮੰਦ ਜ਼ਿੰਦਗੀ ਜਿਊਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੂਸ਼ ਹਸਪਤਾਲ ਨੂੰ 9 ਏਕੜ ਤੋਂ ਵੱਧ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ। ਇਹ  50 ਬੈੱਡਾਂ ਵਾਲਾ ਹਸਪਤਾਲ ਹੋਵੇਗਾ ਜੋ ਆਯੁਰਵੈਦ, ਯੋਗਾ ਯੁਨਾਨੀ, ਸਿੱਧ ਅਤੇ ਹੋਮੀਓਪੈਥੀ ਦਵਾਈਆਂ ਦੇ ਰੂਪ ਵਿੱਚ ਸਿਹਤ ਜਾਂਚ ਅਤੇ ਇਲਾਜ ਸੇਵਾਵਾਂ ਪ੍ਰਦਾਨ ਕਰੇਗਾ।
ਮੈਡੀਕਲ ਕਾਲਜ ਮੁਹਾਲੀ ਦਾ ਕੰਮ ਜ਼ੋਰ-ਸ਼ੋਰ ਨਾਲ ਜਾਰੀ ਹੈ ਅਤੇ ਇਹ ਰਾਜ ਵਿਚ ਡਾਕਟਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਮੋਹਾਲੀ ਵਿਖੇ ਸਰਕਾਰੀ ਕਾਲਜ ਕੈਂਪਸ ਨੇੜੇ 3 ਏਕੜ ਵਿਚ ਬੀ.ਐਸਸੀ ਨਰਸਿੰਗ ਕਾਲਜ ਵੀ ਸਥਾਪਤ ਕੀਤਾ ਜਾਵੇਗਾ। ਉਚੇਰੀ ਸਿੱਖਿਆ ਵਿਭਾਗ ਨੇ ਇਸ ਸਬੰਧੀ ਨੋ ਆਬਜੈਕਸ਼ਲ ਸਰਟੀਫਿਕੇਟ (ਐਨਓਸੀ) ਜਾਰੀ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਸ਼ਹਿਰ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਮੋਹਾਲੀ ਵਿੱਚ ਹੋਰ ਸਿਹਤ ਸੰਭਾਲ ਸੰਸਥਾਵਾਂ ਜਿਵੇਂ 3ਬੀ 1 ਵਿੱਚ ਕਮਿਉਨਿਟੀ ਹੈਲਥ ਸੈਂਟਰ (ਸੀਐਚਸੀ), ਸਨੇਟਾ ਵਿੱਚ ਮੁੱਢਲਾ ਸਿਹਤ ਸੈਂਟਰ (ਪੀਐਚਸੀ) ਅਤੇ ਸੈਕਟਰ 69 ਅਤੇ 79 ਵਿੱਚ ਡਿਸਪੈਂਸਰੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ।
ਇਹ ਦੁਹਰਾਉਂਦਿਆਂ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਲੋਕਾਂ ਨੂੰ ਘੱਟ ਕੀਮਤ ਵਿੱਚ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਉਪਰਾਲੇ ਕਰ ਰਹੀ ਹੈ ਕਿ ਕੋਈ ਵੀ ਸੂਬਾ ਵਾਸੀ ਮਿਆਰੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ, ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਲਈ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਦੁਆਰਾ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਡਾਕਟਰਾਂ, ਪੈਰਾ ਮੈਡਿਕਸ ਅਤੇ ਹੋਰ ਸਹਾਇਕ ਸਟਾਫ ਦੀ ਭਰਤੀ ਨਿਯਮਤ ਅੰਤਰਾਲਾਂ `ਤੇ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਮੁਹਾਲੀ ਦੇ ਮੈਡੀਕਲ ਕਾਲਜ ਤੋਂ ਇਲਾਵਾ ਜੂਬੇ ਵਿਚ ਚਾਰ ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਅੱਜ ਦੁਨੀਆਂ ਨੂੰ ਕੋਵਿਡ-19 ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਨੇ ਵਿਸ਼ਵਵਿਆਪੀ ਸਿਹਤ ਸੰਕਟ ਪੈਦਾ ਕਰ ਦਿੱਤਾ  ਹੈ। ਵਾਇਰਸ ਖਿਲਾਫ਼ ਲੜਾਈ ਚੁਣੌਤੀਪੂਰਨ ਰਹੀ ਹੈ ਅਤੇ ਅਸੀਂ ਅਜਿਹੇ ਕਿਸੇ ਵੀ ਸੰਕਟ ਨਾਲ ਨਜਿਠਣ ਲਈ ਮੋਹਾਲੀ ਨੂੰ ਮੈਡੀਕਲ ਹੱਬ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ