‘ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ’
ਜ਼ਿਲਾ ਪੁਲਿਸ ਮੁਖੀ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਕਿਹਾ, ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ
ਬਠਿੰਡਾ, : ਵਿਸ਼ਵ ਭਰ ’ਚ ਮਨਾਏ ਗਏ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੀ ਇਸ ਲੜੀ ਤਹਿਤ ਜ਼ਿਲਾ ਪੁਲਿਸ ਪ੍ਰਸ਼ਾਸਨ ਵਲੋਂ ਇੰਸਪੈਕਟਰ ਜਨਰਲ ਬਠਿੰਡਾ ਰੇਂਜ਼ ਸ. ਜਸਕਰਨ ਸਿੰਘ ਤੇ ਸੀਨੀਅਰ ਕਪਤਾਨ ਪੁਲਿਸ ਸ. ਭੁਪਿੰਦਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ ਲਈ ਸਾਈਕਲ ਰੈਲੀ ਆਯੋਜਿਤ ਕੀਤੀ ਗਈ।
ਇਹ ਸਾਈਕਲ ਰੈਲੀ ਨੂੰ ਪੁਲਿਸ ਲਾਈਨ ਤੋਂ ਸਵੇਰੇ ਐਸ.ਐਸ.ਪੀ. ਸ. ਵਿਰਕ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ ਸਮੇਤ ਜ਼ਿਲੇ ਦੇ ਹੋਰ ਉੱਚ ਅਧਿਕਾਰੀਆਂ ਤੇ ਪੰਜਾਬ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ, ਬਠਿੰਡਾ ਸਾਈਕਲਿੰਗ ਗਰੁੱਪ ਦੀ ਟੀਮ ਅਤੇ ਨੌਜਵਾਨਾਂ ਨੇ ਭਾਗ ਲਿਆ।
ਇਹ ਸਾਈਕਲ ਰੈਲੀ ਮਾਡਲ ਟਾਊਨ, ਘੋੜੇ ਵਾਲਾ ਚੌਂਕ, ਫੌਜੀ ਚੌਂਕ ਤੋਂ ਤਿੰਨ ਕੋਣੀ ਤੋਂ ਅਮਰੀਕ ਸਿੰਘ ਰੋਡ ਤੋਂ ਹੁੰਦੇ ਹੋਏ ਫਾਇਰ ਬਿਗ੍ਰੇਡ ਚੌਕ ਵਿਖੇ ਸਮਾਪਤ ਹੋਈ। ਇਸ ਮੌਕੇ ਸ. ਭੁਪਿੰਦਰ ਨੇ ਰੈਲੀ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਵਿਸ਼ੇਸ ਤੌਰ ’ਤੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਨਸ਼ਿਆ ਪ੍ਰਤੀਲੋਕਾਂ ਨੂੰ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਐਸ.ਪੀ. ਐਚ ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਬਲਵਿੰਦਰ ਸਿੰਘ ਰੰਧਾਵਾ ਐਸ.ਪੀ.(ਇੰਨਵੈਸਟੀਗੇਸ਼ਨ), ਡੀ.ਐੱਸ.ਪੀ. (ਸਿਟੀ-2) ਕਮ ਜਿਲਾ ਕਮਿਊਨਿਟੀ ਪੁਲਿਸ ਅਫਸਰ ਸ੍ਰੀ ਆਸਵੰਤ ਸਿੰਘ, ਡੀ.ਐੱਸ.ਪੀ.(ਸਿਟੀ-1) ਸ੍ਰੀ ਗੁਰਜੀਤ ਸਿੰਘ ਰੋਮਾਣਾ ਤੇ ਹੋਰ ਅਫ਼ਸਰਾਂ ਤੋਂ ਇਲਾਵਾ ਜ਼ਿਲੇ ਦੇ ਪੁਲਿਸ ਸਾਂਝ ਕੇਂਦਰਾਂ ਦੇ ਸਟਾਫ ਵੱਲੋਂ ਵੀ ਭਾਗ ਲਿਆ ਗਿਆ।