*ਕੀ ਹੋਵੇਗਾ ਉਸ ਦੇਸ਼ ਦਾ ਭਵਿੱਖ ਜਿੱਥੇ ਗੁਰੂ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ‘ਤੇ ਜਹਿਰੀਲੀਆਂ ਚੀਜ਼ਾ ਖਾਣ ਲਈ ਹੋਏ ਮਜ਼ਬੂਰ*
ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਛੋਟੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ । ਅੱਜ ਛੋਟੀਆਂ ਕਲਾਸਾਂ ਵਿੱਚ ਪੜ੍ਹਨ ਵਾਲੇ ਨਿਆਣੇ ਅੱਗੇ ਜਾ ਕੇ ਦੇਸ਼ ਦਾ ਸਰਮਾਇਆ ਬਣਦੇ ਹਨ। ਕਈ ਡਾਕਟਰ , ਵੱਡੇ -ਵੱਡੇ ਇੰਜੀਨੀਅਰ , ਸਮਾਜ ਸੇਵੀ , ਡਾਕਟਰ , ਲੀਡਰ ਜਾਂ ਫਿਰ ਅਧਿਆਪਕ ਬਣ ਕੇ ਆਉਂਣ ਵਾਲੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ । ਪਰ ਉਸ ਦੇਸ਼ ਦੇ ਭਵਿੱਖ ਦਾ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ ਜਿਸ ਦੇ ਅਧਿਆਪਕ ਜਾਨੀ ਮਾਰਗਦਰਸ਼ਕ ਹੀ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਜ਼ਹਿਰੀਲੀਆਂ ਵਸਤਾਂ ਨਿਗਲਨ ਲਈ ਮਜ਼ਬੂਰ ਹੋ ਜਾਣ ।
ਕਹਿੰਦੇ ਹਨ ਬੱਚੇ ਕੋਰੇ ਕਾਗਜ਼ ਵਾਂਗ ਹੁੰਦੇ ਹਨ । ਨਿੱਕੀ ਉਮਰੇ ਜੋ ਕੁਝ ਸਿਖਾਇਆ , ਦਿਖਾਇਆ ਜਾਦਾ ਹੈ । ਉਹ ਹੀ ਜਿੰਦਗੀ ਦਾ ਪਾਠ ਬਣਦਾ ਹੈ । ਇਸ ਵਿੱਚ ਕੋਈ ਦੋ ਰਾਏ ਨਹੀ ਹੈ ਕਿ ਜੇਕਰ ਨੀਂਹ ਮਜ਼ਬੂਤ ਹੋਵੇ ਤਾਂ ਅਸੀ ਇਮਾਰਤ ਉੱਚੀ ਅਤੇ ਮਜ਼ਬੂਤ ਬਣਾ ਸਕਦੇ ਹਾ। ਪਰ ਇਸਦੇ ਉਲਟ ਜੇਕਰ ਨੀਂਹ ਕਮਜੋ਼ਰ ਜਾਂ ਕੰਮਸਾਰੂ ਬਣਾਈ ਜਾਵੇ ਤਾਂ ਝੱਖੜਾਂ , ਹਨੇਰੀਆਂ ਦੇ ਵਿੱਚ ਇਮਾਰਤ ਵਸਨੀਕਾਂ ਦੀ ਜਾਨ ਮੁੱਠੀ ਵਿੱਚ ਆ ਜਾਦੀ ਹੈ । ਕਿਸੇ ਵੀ ਇਮਾਰਤ ਨੂੰ ਸੁਚਾਰੂ ਢੰਗ ਨਾਲ ਬਣਾਉਂਣ ਅਤੇ ਲੰਮੇ ਸਮੇਂ ਦੀ ਕਾਮਨਾ ਲਈ ਇੱਕ ਦਿੱਗਜ ਕਾਰੀਗਰ ਦੀ ਲੋੜ ਹੁੰਦੀ ਹੈ । ਜੋ ਮਜ਼ਬੂਰੀ ਵਿੱਚ ਨਹੀ ਦਿਲੋ ਖੁਸ਼ੀ ਨਾਲ ਆਪਣਾ ਕੰਮ ਨੇਪਰੇ ਚਾੜ੍ਹੇ ।
ਅਧਿਆਪਕ ਵੀ ਇੱਕ ਕਾਰੀਗਰ ਵਾਂਗ ਹੀ ਕੰਮ ਕਰਦੇ ਹਨ । ਆਪਣੇ ਕੀਮਤੀ ਸਮੇਂ ਵਿੱਚ ਜੋ ਗਿਆਨ ਹਾਸਲ ਕੀਤਾ ਹੁੰਦਾ ਹੈ । ਉਹ ਬਹੁਮੁੱਲਾ ਗਿਆਨ ਬੱਚਿਆਂ ਨੂੰ ਵੰਡਦੇ ਹਨ । ਨਵੀਂ ਪਨੀਰੀ ਦੀ ਜਿੰਦਗੀ ਬਣਾਉਂਣ ਵਿੱਚ ਮਾਤਾ,ਪਿਤਾ ਦੇ ਨਾਲ-ਨਾਲ ਮਾਰਗਦਰਸ਼ਕਾਂ ਦਾ ਵੀ ਅਹਿਮਯੋਗਦਾਨ ਹੁੰਦਾ ਹੈ । ਅਧਿਆਪਕਾ ਦੁਆਰਾ ਦਰਸਾਏ ਰਸਤੇ ਤੇ ਚਲ ਕੇ ਹੀ ਵਿਦਿਆਰਥੀ ਵੱਡੇ-ਵੱਡੇ ਪਦਾ ਤੇ ਪਹੁੰਚਦੇ ਹਨ । ਕੋਵਿਡ ਦੀ ਮਾਹਾਂਮਾਰੀ ਨੇ ਜਿੱਥੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਮੁਸ਼ਕਲਾ ਪੈਦਾ ਕੀਤੀਆਂ ਹਨ । ਪਿਛਲੇ ਸਮੇਂ ‘ਚ ਲੰਬੀ ਤਾਲਾਬੰਦੀ ਕਾਰਨ ਬੱਚਿਆਂ ਦਾ ਪੜ੍ਹਾਈ ਵੱਲ ਰੁਝਾਨ ਪਹਿਲਾ ਹੀ ਘੱਟ ਗਿਆ ਹੈ ।
ਜੇਕਰ ਬੱਚੇ ਆਪਣੇ ਅਧਿਆਪਕਾ ਨੂੰ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾ ਫੜਕੇ ਸਰਕਾਰ ਦੇ ਅੱਗੇ ਕੀਰਨੇ ਪਾਉਂਦੇ , ਆਪਣੇ ਦੁੱਖੜੇ ਸੁਣਾਊਂਦੇ ਦੇਖਣਗੇ ਤਾਂ ਕੋਰੇ ਕਾਗਜ਼ ਵਰਗੇ ਬੱਚਿਆਂ ਦੇ ਦਿਮਾਗਾਂ ਤੇ ਕੀ ਪ੍ਰਭਾਵ ਪਵੇਗਾ। ਜੇਕਰ ਕੋਈ ਮਾਸੂਮ ਟੀਚਰਾਂ ਨੂੰ ਇਹ ਸੁਆਲ ਕਰੇਗਾ ਕਿ ਮਾਸਟਰ ਜੀ ਕੀ ਸਾਨੂੰ ਵੀ ਵੱਡੇ ਹੋ ਕੇ ਤੁਹਾਡੇ ਵਾਂਗ ਪੈਟਰੋਲ ਦੀਆਂ ਬੋਤਲਾ ਚੱਕ ਕੇ ਆਪਣੇ ਦੁੱਖ ਦੱਸਣੇ ਪੈਣਗੇ ? ਤਾਂ ਮਾਸਟਰ ਆਪਣੇ ਬੱਚਿਆਂ ਨੂੰ ਕੀ ਜੁਆਬ ਦੇਣਗੇ । ਸੋ ਮੈਂ ਸਰਕਾਰ ਅੱਗੇ ਅਪੀਲ ਕਰਦਾ ਹਾਂ ਕਿ ਦੇਸ ਦੇ ਸਰਵਪੱਖੀ ਵਿਕਾਸ ਲਈ ਯੋਗ ਕਦਮ ਚੁੱਕੇ ਜਾਣ, ਅਧਿਆਪਕਾ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਬਰੂਹਾ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਸੁਣੀਆਂ ਜਾਣ ਤਾਂ ਜੋ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕੇ ।
ਗੁਰਲਾਲ ਸਿੰਘ
9646892123