You are currently viewing ਐਸ.ਏ.ਐਸ ਨਗਰ  ਚ ਰੇੜੀਆਂ ਤੇ ਲਗਾਏ ਰਿਫਲੈਕਟਰ

ਐਸ.ਏ.ਐਸ ਨਗਰ ਚ ਰੇੜੀਆਂ ਤੇ ਲਗਾਏ ਰਿਫਲੈਕਟਰ

ਐਸ.ਏ.ਐਸ ਨਗਰ  ਚ ਰੇੜੀਆਂ ਤੇ ਲਗਾਏ ਰਿਫਲੈਕਟਰ

ਜ਼ਿਲੇ ਚ ਟ੍ਰੈਫਿਕ ਪੁਲੀਸ ਚਲਾ ਰਹੀ ਹੈ  ਸੜਕ ਸੁਰੱਖਿਆ ਜਾਗਰੂਕਤਾ ਸਪਤਾਹ

ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ

ਐਸ.ਏ.ਐਸ ਨਗਰ, 23 ਜੂਨ

ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਕਪਤਾਨ (ਟਰੈਫਿਕ) ਸ. ਗੁਰਜੋਤ ਸਿੰਘ ਕਲੇਰ ਅਤੇ ਉਪ ਪੁਲਿਸ ਕਪਤਾਨ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮਿਤੀ 21 ਜੂਨ ਤੋਂ 26 ਜੂਨ ਤੱਕ ਇਕ ਹਫਤੇ ਦੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ  ਨਿਯਮਾਂ ਬਾਰੇ  ਜਾਗਰੂਕਤਾ ਸਪਤਾਹ ਚਲਾਇਆ  ਜਾ ਰਿਹਾ ਹੈ। ਇਸ  ਮੁਹਿੰਮ  ਤਹਿਤ ਐਸ.ਏ.ਐਸ ਨਗਰ ਸ਼ਹਿਰ ਚ ਸਮੂਹ  ਰੇੜੀਆਂ  ਦੇ ਪਿੱਛੇ ਰਾਤ ਨੂੰ ਚਮਕਣ ਵਾਲੇ ਰਿਫਲੈਕਟਰ  ਲਾਉਣ ਦੇ ਨਾਲ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਪੁਲਿਸ ਕਪਤਾਨ (ਟਰੈਫਿਕ) ਸ. ਗੁਰਜੋਤ ਸਿੰਘ ਕਲੇਰ ਨੇ ਕਿਹਾ ਕਿ ਸਾਡੀ ਜਾਨ ਅਤੇ ਮਾਲ ਦੀ ਹਿਫਾਜ਼ਤ ਦੇ ਨਾਲ ਨਾਲ ਸਾਹਮਣੇ ਆ ਰਹੇ ਵਾਹਨਾਂ ਦੀ ਸੁਰੱਖਿਆ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਫਲੈਕਟਰਾਂ ਨੂੰ ਲਗਾਉਣ ਨਾਲ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਾਂ ਅਤੇ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ।
ਉਨ੍ਹਾਂ  ਨੇ ਕਿਹਾ ਕਿ ਐਕਸੀਡੈਂਟ ਚ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਆਪਣੀ ਜਾਨ ਗਵਾ ਦਿੰਦੇ ਹਨ ਉਨ੍ਹਾਂ ਨੂੰ ਨਾ ਪੂਰਿਆ ਜਾਣ ਵਾਲੀ ਘਾਟਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੁਲੀਸ ਦੀ ਮੱਦਦ ਨਾਲ ਜ਼ਿਲ੍ਹੇ ਵਿਚ ਰਿਫਲੈਕਟਰ ਲਾਉਣ ਦਾ ਅਭਿਆਨ ਚਲਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਵਾਹਨਾਂ ਤੇ ਰਿਫਲੈਕਟਰ ਅਤੇ ਹੋਰ  ਟ੍ਰੈਫਿਕ ਨਿਯਮਾਂ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਸਟਿੱਕਰ ਵੀ ਲਗਾਏ ਜਾਣ।
ਉਨ੍ਹਾਂ  ਨੇ ਦੱਸਿਆ ਕਿ ਇਨ੍ਹਾਂ ਰੇੜੀਆਂ ਅਤੇ ਹੋਰ ਵਾਹਨਾਂ ਦੇ ਮਗਰ  ਰਿਫਲੈਕਟਰ ਲਾਉਣ ਦਾ ਮਕਸਦ ਇਹ ਹੈ ਕਿ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ  ਕਿ ਜਾਗਰੂਕਤਾ ਸਪਤਾਹ ਚਲਾਉਣ   ਦਾ ਮਕਸਦ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ  ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ । ਇਸ ਦੇ ਨਾਲ ਉਹਨਾਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ  ਤੇ ਵੱਧ ਰਹੇ ਜੁਰਮਾਨਿਆਂ ਬਾਰੇ,ਪਰੈਸਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਅੰਡਰ ਏਜ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ (ਮਾਸਕ ਪਾਉ ਕਰੋਨਾ ਭਜਾਉ) ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ।