ਗਲੀ ਦਾ ਮੰਦੜਾ ਹਾਲ ਕਿਸੇ ਨੂੰ ਨਹੀਂ ਇਸ ਦਾ ਖਿਆਲ
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋਏ ਪਿੰਡ ਨਿਵਾਸੀ
ਸ੍ਰੀ ਮੁਕਤਸਰ ਸਾਹਿਬ, 20 ਜੂਨ( ਪਰਗਟ ਸਿੰਘ )
ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਹੂੜਿਆਂ ਵਾਲੀ ਦੇ ਵਾਰਡ ਨੰਬਰ – 1 ਦੀ ਮੁੱਖ ਗਲੀ ਦੀ ਸਮੱਸਿਆ ਨੂੰ ਲੈ ਕਿ ਗਲੀ ਨਿਵਾਸੀਆਂ ਨੇ ਗ੍ਰਾਮ ਪੰਚਾਇਤ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਕੋਈ ਵੀ ਸਿਆਸੀ ਲੀਡਰ ਗਲੀ ‘ਚ ਨਾ ਆਉਣ ਦੀ ਚਿਤਾਵਨੀ ਵੀ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਲੀ ਨਿਵਾਸੀ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 12 ਸਾਲਾਂ ਤੋਂ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਗਲੀ ਦਾ ਹਾਲ ਮੰਦੜਾ ਹੋਣ ਕਰਕੇ ਨਾ ਤਾਂ ਕੋਈ ਔਰਤ ਜੋ ਖੇਤਾਂ ਚੋ ਪਸ਼ੂਆਂ ਲਈ ਪੱਠੇ ਲੈ ਕੇ ਆਉਂਦੀ ਹੈ ਤਾਂ ਉਹ ਡਿੱਗ ਜਾਂਦੀ ਹੈ ਅਤੇ ਜਾਂ ਫਿਰ ਬੱਚੇ-ਬਜੁਰਗਾਂ ਨੂੰ ਵੀ ਇੱਥੋਂ ਲੰਘਣ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਵਾਰ ਪੰਚਾਇਤ ਅੱਗੇ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪ੍ਰੰਤੂ ਪੰਚਾਇਤ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਆਖਿਰ ਕਿਉਂ ਸਾਡੇ ਵਾਰਡ ਦੇ ਲੋਕਾਂ ਨਾਲ ਪੰਚਾਇਤ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ?
ਪੱਤਰਕਾਰ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਨੇ ਆਪਣੇ ਦੁੱਖੜੇ ਦਾ ਹਾਲ ਬਿਆਨ ਕਰਦਿਆਂ ਆਖਿਆ ਕਿ ਸਾਡੀਆਂ ਇੰਨੀਆਂ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਪੰਚਾਇਤ ਸਾਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਜਦੋਂ ਵੀ ਇਸ ਗਲੀ ਨੂੰ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੋਈ ਸੁਣਵਾਈ ਨਹੀਂ ਹੁੰਦੀ। ਗੁਰਪ੍ਰੀਤ ਸਿੰਘ ਨੇ ਆਖਿਆ ਕਿ ਪਿੰਡ ਦੇ ਬਾਹਰ ਸਿਰਫ਼ ਇੱਕ ਘਰ ਨੂੰ ਜਾਂਦੀ ਗਲੀ ਵਿੱਚ 92,000 ਇੱਟ ਲਗਾ ਕੇ ਪੱਕੀ ਕੀਤੀ ਗਈ ਹੈ ਪ੍ਰੰਤੂ ਸਾਡੇ ਵਾਰਡ ‘ਚ ਸੈਂਕੜੇ ਘਰ ਹੋਣ ਦੇ ਬਾਵਜੂਦ ਵੀ ਗਲੀ ਪੱਕੀ ਨਹੀਂ ਕੀਤੀ ਜਾ ਰਹੀ ਅਤੇ ਨਾਂ ਹੀ ਪਾਣੀ ਦੇ ਨਿਕਾਸ ਲਈ ਸੀਵਰੇਜ ਦਾ ਕੋਈ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ ਦੇ ਵਾਸੀ ਸਮਝਿਆ ਹੀ ਨਹੀਂ ਜਾ ਰਿਹਾ ਬੱਸ ਦਲਿਤ ਵਰਗ ਸਮਝ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਗਲੀ ਵਿੱਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਰਕੇ ਮੱਛਰ ਪੈਦਾ ਹੁੰਦਾ ਹੈ ਜੋ ਕਿ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਦੇ ਨਾਲ ਹੀ ਗਲੀ ਨਿਵਾਸੀ ਔਰਤ ਰਜਨਦੀਪ ਕੌਰ ਨੇ ਦੱਸਿਆ ਕਿ ਜਦੋਂ ਵੋਟਾਂ ਦੇ ਦਿਨ ਨੇੜੇ ਆਉਂਦੇ ਹਨ ਤਾਂ ਸਾਰੇ ਹੀ ਉਮੀਦਵਾਰਾਂ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਬਹੁਤ ਜਲਦ ਇਸ ਗਲੀ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ ਪ੍ਰੰਤੂ ਵੋਟਾਂ ਤੋਂ ਬਾਅਦ ਕਿਸੇ ਵੀ ਮੈਂਬਰ ਸਰਪੰਚ ਵੱਲੋਂ ਉਨ੍ਹਾਂ ਦੀ ਗਲੀ ਦਾ ਹੱਲ ਨਹੀਂ ਕੀਤਾ ਜਾਂਦਾ। ਇਹ ਕਿਹੋ ਜਿਹਾ ਇਨਸਾਫ਼ ਹੈ ?
ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਰਹੂੜਿਆਂ ਵਾਲੀ ਦੇ ਪ੍ਰਧਾਨ ਛਿੰਦਰਪਾਲ ਸਿੰਘ, ਉਪ ਪ੍ਰਧਾਨ ਗੁਰਮੇਜ ਸਿੰਘ ਅਤੇ ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਇਕੱਤਰ ਹੋਏ ਗਲੀ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਉਹ ਵੀ ਖੁਸ਼ਹਾਲੀ ਭਰੀ ਜ਼ਿੰਦਗੀ ਬਤੀਤ ਕਰ ਸਕਣ।
ਇਸ ਸੰਬੰਧੀ ਪਿੰਡ ਦੇ ਮੌਜੂਦਾ ਸਰਪੰਚ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਆਪਣੀ ਸਮੱਸਿਆ ਖਿਲਾਫ ਬੋਲਣਾ ਹਰੇਕ ਦਾ ਅਧਿਕਾਰ ਹੈ ਪ੍ਰੰਤੂ ਜਦੋਂ ਵਾਰਡ ਨੰਬਰ 1 ਦੇ ਵਸਨੀਕ ਮੇਰੇ ਕੋਲ ਆਪਣੀ ਮੁਸ਼ਕਿਲ ਲੈ ਕੇ ਆਉਂਦੇ ਹਨ ਤਾਂ ਮੇਰਾ ਇਹੋ ਕਹਿਣਾ ਸੀ ਕਿ ਤੁਹਾਡਾ ਹੱਲ ਹੋ ਜਾਵੇਗਾ ਜੇਕਰ ਤੁਸੀਂ ਆਪਣੀ ਮੰਗ ਨੂੰ ਲਿਖਤੀ ਰੂਪ ਦਿੱਤਾ ਜਾਵੇ ਜਾਂ ਪੰਚਾਇਤ ਖਿਲਾਫ਼ ਦਰਖਾਸਤ ਕੀਤੀ ਜਾਵੇ ਅਤੇ ਡਿਪਟੀ ਕਮਿਸ਼ਨਰ ਜਾਂ ਬੀਡੀਪੀਓ ਦਫ਼ਤਰ ਵਿਖੇ ਲਿਖਤੀ ਰੂਪ ‘ਚ ਮੰਗ ਕੀਤੀ ਜਾਵੇ । ਪਰ ਗਲੀ ਵਾਸੀਆਂ ਵੱਲੋਂ ਹੁਣ ਤੱਕ ਲਿਖਤੀ ਰੂਪ ‘ਚ ਕੋਈ ਬਿਆਨ ਜਾਂ ਸ਼ਿਕਾਇਤ ਨਹੀਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਵਾਲੀ ਪੰਚਾਇਤ ਵੱਲੋਂ ਇਸ ਵਾਰਡ ‘ਚ ਸਭ ਤੋਂ ਪਹਿਲਾਂ ਸੀਵਰੇਜ ਪਾਇਆ ਗਿਆ ਸੀ ਪ੍ਰੰਤੂ ਸੀਵਰੇਜ ਦਾ ਲੈਵਲ ਸਹੀ ਨਾ ਹੋਣ ਕਰਕੇ ਹੀ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।