By Gurlal
ਪੰਜਾਬ ਦੇ ਖੇਡ ਮੰਤਰੀ ਨੇ ਪਦਮ ਸ੍ਰੀ ਮਿਲਖਾ ਸਿੰਘ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ
ਸ਼ਰਧਾਂਜਲੀ ਦੇਣ ਉਡਣਾ ਸਿੱਖ ਦੇ ਘਰ ਪੁੱਜੇ ਰਾਣਾ ਗੁਰਮੀਤ ਸਿੰਘ ਸੋਢੀ
ਚੰਡੀਗੜ੍ਹ, 19 ਜੂਨ
ਮਹਾਨ ਅਥਲੀਟ ਪਦਮ ਸ੍ਰੀ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਕਿ ਏਸ਼ੀਆ ਦੇ ਇਸ ਮਹਾਨ ਅਥਲੀਟ ਦੇ ਚਲਾਣੇ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਸਦਮਾ ਲੱਗਿਆ।
ਉਡਣਾ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਦਾ ਕੱਲ੍ਹ ਕੋਵਿਡ ਨਾਲ ਲੜਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪੁੱਤਰ ਜੀਵ ਮਿਲਖਾ ਸਿੰਘ (ਪ੍ਰਸਿੱਧ ਗੌਲਫਰ) ਅਤੇ ਤਿੰਨ ਧੀਆਂ ਹਨ। ਉਨ੍ਹਾਂ ਏਸ਼ੀਆ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਭਾਰਤ ਦੀ ਝੋਲੀ ਪਾਏ।
ਖੇਡ ਮੰਤਰੀ ਰਾਣਾ ਸੋਢੀ ਆਖਰੀ ਸਤਿਕਾਰ ਤੇ ਸ਼ਰਧਾਂਜਲੀ ਭੇਟ ਕਰਨ ਲਈ ਮਿਲਖਾ ਸਿੰਘ ਦੇ ਘਰ ਪੁੱਜੇ। ਉਨ੍ਹਾਂ ਪਰਿਵਾਰ, ਮਿੱਤਰਾਂ ਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਆਪਣੇ ਸ਼ੋਕ ਸੁਨੇਹੇ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਮਿਲਖਾ ਸਿੰਘ ਦੇ ਦੇਹਾਂਤ ਨਾਲ 100 ਕਰੋੜ ਲੋਕਾਂ ਤੋਂ ਵੱਧ ਦੀ ਆਬਾਦੀ ਵਾਲੇ ਇਸ ਮੁਲਕ ਨੇ ਆਪਣਾ ਖੇਡ ਨਾਇਕ ਗਵਾ ਲਿਆ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਇਕ ਵੱਡਾ ਘਾਟਾ ਪਿਆ ਹੈ, ਜਿਸ ਨੂੰ ਪੂਰਿਆ ਨਹੀਂ ਜਾ ਸਕਦਾ।
ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਨੂੰ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਲਈ ਪਦਮ ਸ੍ਰੀ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਉਹ ਰੋਮ ਉਲੰਪਿਕਸ 1960 ਵਿੱਚ 400 ਮੀਟਰ ਦੌੜ ਵਿੱਚ ਚੌਥੇ ਸਥਾਨ ਉਤੇ ਰਹੇ, ਜਦੋਂ ਕਿ ਉਨ੍ਹਾਂ 1958 ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦੇ ਤਮਗੇ ਤੋਂ ਇਲਾਵਾ 1958 ਟੋਕੀਓ ਤੇ 1962 ਜਕਾਰਤਾ ਏਸ਼ੀਆ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਤਿੰਨ ਉਲੰਪਿਕਸ 1956 ਮੈਲਬਰਨ, 1960 ਰੋਮ ਅਤੇ 1964 ਟੋਕੀਓ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
–