You are currently viewing ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ ਸੂਬਾਈ ਛੁੱਟੀ ਐਲਾਨੀ

ਚੰਡੀਗੜ੍ਹ, 19 ਜੂਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਲਾਸਾਨੀ ਅਥਲੀਟ ਦੀ ਯਾਦ ਵਿਚ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ ਜੋ ਬੀਤੀ ਦੇਰ ਰਾਤ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਕਾਰਨ ਚੱਲ ਵਸੇ ਸਨ।

ਮੁੱਖ ਮੰਤਰੀ ਨੇ ਫਲਾਈਂਗ ਸਿੱਖ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉਤੇ ਜਾ ਕੇ ਉੱਘੀ ਖੇਡ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਮਿਲਖਾ ਸਿੰਘ ਦੀਆਂ ਯਾਦਾਂ ਸਦਾ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿਣ।

ਮੁੱਖ ਮੰਤਰੀ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਤਿਕਾਰ ਵਜੋਂ ਪਦਮ ਸ੍ਰੀ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਅਤੇ ਇਕ ਦਿਨਾ ਛੁੱਟੀ ਦਾ ਐਲਾਨ ਕੀਤਾ ਸੀ, ਨੇ ਕਿਹਾ ਕਿ ਮਹਾਨ ਭਾਰਤੀ ਖਿਡਾਰੀ ਦੀ ਸ਼ਾਨਦਾਰ ਵਿਰਾਸਤ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿਚ ਵਸਦੀ ਰਹੇਗੀ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਸਮੁੱਚੇ ਮੁਲਕ ਨੂੰ ਬਹੁਤ ਵੱਡਾ ਘਾਟਾ ਪਿਆ ਅਤੇ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਦੁਖਦਾਇਕ ਪਲ ਹਨ।

ਮਿਲਖਾ ਸਿੰਘ ਵੱਲੋਂ ਸਾਲ 1960 ਵਿਚ ਪਾਕਿਸਤਾਨੀ ਚੈਂਪੀਅਨ ਅਬਦੁਲ ਖਾਲਿਕ ਨੂੰ ਲਾਹੌਰ ਵਿਚ ਹਰਾ ਦੇਣ ਮੌਕੇ ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਵੱਲੋਂ ਕੌਮੀ ਛੁੱਟੀ ਐਲਾਨੇ ਜਾਣ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਉਹ ਵੀ ਅੱਜ ਕੌਮੀ ਛੁੱਟੀ ਦਾ ਐਲਾਨ ਕਰ ਸਕਦੇ। ਉਨ੍ਹਾਂ ਕਿਹਾ ਕਿ ਪਰ ਪੰਜਾਬ ਵਿਚ ਮਹਾਨ ਹਸਤੀ ਦੇ ਵਿਛੋੜੇ ਦੇ ਸੋਗ ਵਿਚ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਸੂਬੇ ਵਿਚ ਛੁੱਟੀ ਰਹੇਗੀ।

ਮਹਾਨ ਅਥਲੀਟ ਦੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 1960 ਵਿਚ ਲਾਹੌਰ ਵਿਚ ਜਿੱਤ ਹਾਸਲ ਕਰਨੀ ਮਿਲਖਾ ਸਿੰਘ ਲਈ ਯਾਦਗਾਰੀ ਮੌਕਾ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਵਿਚ ਆਪਣੀ ਪਰਿਵਾਰ ਗੁਆ ਲਿਆ ਸੀ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਆਯੂਬ ਖਾਨ ਨੇ ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਦਾ ਨਾਮ ਦਿੱਤਾ ਸੀ।