By Gurlal Singh
ਪੰਜਾਬ ਵਿੱਚ ਕੋਵਿਡ ਪਾਜ਼ੇਟਿਵਿਟੀ 2 ਫੀਸਦੀ ਤੱਕ ਘਟਣ ਕਾਰਨ ਬੰਦਸ਼ਾਂ ਵਿੱਚ ਦਿੱਤੀ ਛੋਟ, ਮੁੱਖ ਮੰਤਰੀ ਨੇ 50 ਫੀਸਦੀ ਸਮਰੱਥਾ ਨਾਲ ਰੈਸਟੋਰੈਂਟ, ਸਿਨੇਮਾ, ਜਿੰਮ ਆਦਿ ਖੋਲ੍ਹਣ ਦਾ ਕੀਤਾ ਐਲਾਨ
ਵਿਆਹ/ਸਸਕਾਰ ਮੌਕੇ 50 ਵਿਅਕਤੀਆਂ ਤੱਕ ਇਕੱਠ ਦੀ ਦਿੱਤੀ ਆਗਿਆ, ਬਾਰ/ਕਲੱਬ/ਅਹਾਤੇ ਹਾਲੇ ਬੰਦ ਹੀ ਰਹਿਣਗੇ
ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ, ਵੀਕੈਂਡ ਕਰਫਿਊ ਸ਼ਨਿਚਰਵਾਰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਤੱਕ ਲੱਗੇਗਾ
ਚੰਡੀਗੜ੍ਹ, 15 ਜੂਨ
ਸੂਬੇ ਵਿੱਚ ਕੋਵਿਡ ਪਾਜ਼ੇਟਿਵਟੀ ਦਰ 2 ਫੀਸਦੀ ਤੱਕ ਡਿੱਗਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਬੰਦਸ਼ਾਂ ਵਿੱਚ ਛੋਟਾਂ ਦਾ ਐਲਾਨ ਕਰਦਿਆਂ ਰੈਸਟੋਰੈਂਟ ਤੇ ਹੋਰ ਖਾਣੇ ਵਾਲੀਆਂ ਥਾਵਾਂ ਦੇ ਨਾਲ ਕੱਲ੍ਹ ਤੋਂ 50 ਫੀਸਦੀ ਸਮਰੱਥਾ ਨਾਲ ਸਿਨੇਮਾ ਤੇ ਜਿੰਮ ਖੋਲ੍ਹਣ ਦਾ ਫੈਸਲਾ ਕੀਤਾ। ਉਨ੍ਹਾਂ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਉਤੇ ਵਿਅਕਤੀਆਂ ਦੀ ਗਿਣਤੀ ਵਧਾਉਂਦਿਆਂ 50 ਤੱਕ ਇਕੱਠ ਕਰਨ ਦੀ ਆਗਿਆ ਦਿੱਤੀ।
ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਸੂਬੇ ਭਰ ਵਿੱਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨਿਚਰਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦੋਂ ਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਬੰਦਿਸ਼ਾਂ ਤੋਂ ਛੋਟ ਰਹੇਗੀ।
ਉਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹੋਟਲਾਂ ਸਮੇਤ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬੇ, ਸਿਨੇਮਾ, ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ ਬਸ਼ਰਤੇ ਇਨ੍ਹਾਂ ਦੇ ਕਾਮਿਆਂ ਦੇ ਵੈਕਸੀਨ ਦਾ ਘੱਟੋ-ਘੱਟ ਇਕ ਟੀਕਾ ਲੱਗਿਆ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ।
ਬਾਰ, ਪੱਬ ਤੇ ਅਹਾਤੇ ਹਾਲੇ ਬੰਦ ਰਹਿਣਗੇ। ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ ਵੀ ਹਾਲੇ ਬੰਦ ਹੀ ਰਹਿਣਗੇ।
ਜ਼ਿਲਾ ਅਥਾਰਟੀਆਂ ਨੂੰ ਸਥਾਨਕ ਸਥਿਤੀਆਂ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਸਮੇਤ ਖੋਲ੍ਹਣ ਬਾਰੇ ਸਮਾਂ ਨਿਰਧਾਰਤ ਕਰਨ ਲਈ ਆਖਿਆ ਗਿਆ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭੀੜ ਇਕੱਠੀ ਨਾ ਹੋਵੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜ਼ਿਲਾ ਅਥਾਰਟੀਆਂ ਸਮਾਜਿਕ/ਫਿਜੀਕਲ ਵਿੱਥ, ਮਾਸਕ ਪਾਉਣ ਆਦਿ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਇਹਤਿਆਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ।
ਇਹ ਐਲਾਨ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਪੰਜਾਬ ਵਿੱਚ ਲਾਗ ਦੇ ਵਾਧੇ ਦੀ ਯੂਨੀਵਰਸਿਟੀ ਆਫ ਕੈਂਬਰਿਜ ਜੱਜ ਬਿਜਨਿਸ ਸਕੂਲ ਦੀ 14 ਜੂਨ ਦੀ ਰਿਪੋਰਟ ਦਾ ਹਵਾਲਾ ਦੇਣ ਦੇ ਨਾਲ ਹੀ ਕੀਤੇ ਗਏ। ਮੀਟਿੰਗ ਵਿੱਚ ਦੱਸਿਆ ਗਿਆ ਕਿ ਰਿਪੋਰਟ ਅਨੁਸਾਰ ਸਾਰੇ ਜ਼ਿਲ੍ਹਿਆਂ ਵਿੱਚ ਨਵੇਂ ਕੇਸ ਹੇਠਾਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ, ”14 ਜੂਨ 2021 ਤੱਕ ਰੋਜ਼ਾਨਾ ਵਿਕਾਸ ਦਰ ਦਾ ਅਨੁਮਾਨਿਤ ਰੁਝਾਨ ਮਨਫੀ 9.2 ਹੈ। ਰਿਪੋਰਟ ਅਨੁਸਾਰ ਇਕ ਹਫਤੇ ਅੰਦਰ ਨਵੇਂ ਕੇਸ ਅੱਧੇ ਹੋ ਜਾਣਗੇ, ਇਸ ਧਾਰਨਾ ਅਧੀਨ ਕਿ ਵਿਕਾਸ ਦਰ ਸਥਿਰ ਹੈ। 14 ਜੂਨ 2021 ਤੱਕ ਪੰਜਾਬ ਲਈ ਅਨੁਮਾਨਿਤ ਮੁੜ ਉਤਪਾਦਨ ਨੰਬਰ 0.69 ਹੈ ਜੋ ਕਿ ਇਕ ਤੋਂ ਵੀ ਹੇਠਾਂ ਮਹੱਤਵਪੂਰਨ ਗੱਲ ਹੈ। ਨਵੇਂ ਰਿਪੋਰਟ ਕੀਤੇ ਕੋਵਿਡ-19 ਕੇਸ 28 ਜੂਨ 2021 ਤੱਕ ਘੱਟ ਕੇ 210 ਪ੍ਰਤੀ ਦਿਨ ‘ਤੇ ਆਉਣ ਦੀ ਸੰਭਾਵਨਾ ਹੈ।”
ਵਿਨੀ ਮਹਾਜਨ ਨੇ ਅੱਗੇ ਕਿਹਾ ਕਿ ਹਾਲਾਂਕਿ ਕੇਸਾਂ ਦੀ ਗਿਣਤੀ ਘੱਟ ਹੈ ਪਰ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਫਾਜ਼ਿਲਕਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਸ ਦੇ ਉਲਟ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। 28 ਜੂਨ ਤੱਕ ਹੋਣ ਵਾਲੀਆਂ ਮੌਤਾਂ ਦੀ ਅਨੁਮਾਨਿਤ ਗਿਣਤੀ 21 ਹੋਵੇਗੀ।
ਸੂਬੇ ਵਿੱਚ ਦੂਜੀ ਲਹਿਰ ਦਾ ਸਿਖਰ 8 ਮਈ ਨੂੰ ਸੀ ਜਦੋਂ 9100 ਕੇਸ ਆਏ ਸਨ ਜਿਹੜੇ ਕਿ 14 ਜੂਨ ਨੂੰ 629 ਤੱਕ ਘਟ ਕੇ ਪਹੁੰਚ ਗਏ।
ਕਰਫਿਊ ‘ਚ ਛੋਟਾਂ ਦੇ ਵੇਰਵੇ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਬਾਅਦ ਵਿਚ ਦੱਸਿਆ ਕਿ ਹੇਠ ਲਿਖੀਆਂ ਗਤੀਵਿਧੀਆਂ/ਸੰਸਥਾਨ ਕੋਵਿਡ ਪਾਬੰਦੀਆਂ ਤੋਂ ਮੁਕਤ ਰਹਿਣਗੇ ਬਸ਼ਰਤੇ ਕਿ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਜਨਤਕ ਤੇ ਨਿੱਜੀ ਖੇਤਰ ਦੇ ਸਾਰੇ ਸੰਸਥਾਨ ਜੋ ਕਿ ਸਾਰੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਉਤਪਾਦਨ ਅਤੇ ਸਪਲਾਈ ਨਾਲ ਸਬੰਧਤ ਹੋਣ। ਇਨ੍ਹਾਂ ਵਿਚ ਉਤਪਾਦਨ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਨਸਰੀਆਂ, ਕੈਮਿਸਟ ਅਤੇ ਫਾਰਮੇਸੀ (ਜਨ ਔਸ਼ਧੀ ਕੇਂਦਰ ਸਮੇਤ), ਲੈਬਰਾਟਰੀਆਂ, ਫਾਰਮਾਸਿਊਟੀਕਲ ਖੋਜ ਲੈਬਾਰੇਟਰੀਆਂ, ਕਲੀਨਿਕ, ਨਰਸਿੰਗ ਹੋਮ ਅਤੇ ਐਂਬੂਲੈਂਸ ਆਦਿ ਸ਼ਾਮਲ ਹੋਣਗੇ। ਇਨ੍ਹਾਂ ਸੰਸਥਾਨਾਂ ਦੇ ਸਮੂਹ ਕਰਮਚਾਰੀਆਂ ਨੂੰ ਪਛਾਣ ਪੱਤਰ ਪੇਸ਼ ਕਰਨ ਉੱਤੇ ਆਉਣ-ਜਾਣ ਦੀ ਆਗਿਆ ਹੋਵੇਗੀ।
ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ, ਡੇਅਰੀ ਅਤੇ ਪੋਲਟਰੀ ਉਤਪਾਦਾਂ ਜਿਵੇਂ ਕਿ ਬਰੈਡ, ਅੰਡੇ, ਮੀਟ ਆਦਿ ਅਤੇ ਸਬਜ਼ੀਆਂ, ਫ਼ੱਲ ਨਾਲ ਸਬੰਧਤ ਦੁਕਾਨਾਂ।
ਉਦਯੋਗਿਕ ਸਮਾਨ ਜਿਵੇਂ ਕਿ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਸੰਸਥਾਨ, ਵਿਚੋਲਗਿਰੀ ਤੋਂ ਇਲਾਵਾ ਦਰਾਮਦ ਅਤੇ ਬਰਾਮਦ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਦੁਕਾਨਾਂ/ਸੰਸਥਾਨ।
ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ/ਸੰਸਥਾਨ ਜਿਵੇਂ ਕਿ ਮੱਛੀ, ਮੀਟ ਅਤੇ ਇਸ ਦੇ ਉਤਪਾਦ ਜਿਨ੍ਹਾਂ ਵਿਚ ਮੱਛੀ ਦੇ ਦਾਣਿਆਂ ਦੀ ਸਪਲਾਈ ਸ਼ਾਮਲ ਹੈ।
ਸਫਰ ਦੇ ਕਾਗਜ਼ਾਤ ਪੇਸ਼ ਕੀਤੇ ਜਾਣ ਉਪਰੰਤ ਹਵਾਈ, ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਦਾ ਆਉਣ-ਜਾਣ ਅਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਅਤੇ ਸੂਬੇ ਤੋਂ ਬਾਹਰ ਜ਼ਰੂਰੀ ਅਤੇ ਗੈਰ-ਜ਼ਰੂਰੀ ਵਸਤਾਂ ਲਿਜਾਣ ਵਾਲੇ ਵਾਹਨਾਂ/ਵਿਅਕਤੀਆਂ ਦਾ ਆਉਣਾ-ਜਾਣਾ।
ਸਾਰੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਨੂੰ ਈ-ਕਾਮਰਸ ਰਾਹੀਂ ਪੁੱਜਦੇ ਕਰਨਾ।
ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਉਸਾਰੀ ਗਤੀਵਿਧੀਆਂ।
ਖੇਤੀਬਾੜੀ ਜਿਸ ਵਿਚ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਸ਼ਾਮਲ ਹੋਣ।
ਟੀਕਾਕਰਨ ਕੈਂਪ
ਉਤਪਾਦਨ ਉਦਯੋਗ, ਵਪਾਰਕ ਤੇ ਨਿੱਜੀ ਸੰਸਥਾਨਾਂ ਦੀਆਂ ਗਤੀਵਿਧੀਆਂ ਅਤੇ ਇਨ੍ਹਾਂ ਤੋਂ ਇਲਾਵਾ ਹੇਠਾਂ ਦਿੱਤੀਆਂ ਸੇਵਾਵਾਂ ਜਿਨ੍ਹਾਂ ਵਿਚ ਉਪਰੋਕਤ ਸਾਰੇ ਖੇਤਰਾਂ ਦੇ ਕਰਮਚਾਰੀਆਂ/ਵਰਕਰਾਂ ਦਾ ਆਉਣ-ਜਾਣ ਸ਼ਾਮਲ ਹੋਵੇ ਤੇ ਉਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਉਨ੍ਹਾਂ ਦੇ ਮਾਲਕਾਂ ਪਾਸੋਂ ਲੋੜੀਂਦਾ ਆਗਿਆ ਪੱਤਰ ਦਿਖਾਏ ਜਾਣ ਉੱਤੇ ਆਉਣ-ਜਾਣ ਦੀ ਇਜਾਜ਼ਤ।
ਟੈਲੀਕਮਿਊਨੀਕੇਸ਼ਨ, ਇੰਟਰਨੈਟ ਸੇਵਾਵਾਂ, ਪ੍ਰਸਾਰਨ ਅਤੇ ਕੇਬਲ ਸੇਵਾਵਾਂ ਤੋਂ ਇਲਾਵਾ ਆਈ.ਟੀ. ਅਤੇ ਇਸ ਦੀ ਮਦਦ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ।
ਈ-ਕਾਮਰਸ ਰਾਹੀਂ ਭੋਜਨ, ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨ ਆਦਿ ਸਮੂਹ ਜ਼ਰੂਰੀ ਵਸਤਾਂ ਪੁੱਜਦੀਆਂ ਕਰਨਾ।
ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਦੇ ਪ੍ਰਚੂਨ ਤੇ ਸਟੋਰੇਜ ਆਊਟਲੈਟ, ਕੋਲਾ, ਈਂਧਣ ਅਤੇ ਬਾਲਣ।
ਬਿਜਲੀ ਉਤਪਾਦਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਤੇ ਸੇਵਾਵਾਂ।
ਕੋਲਡ ਸਟੋਰੇਜ ਅਤੇ ਭੰਡਾਰਣ ਸੇਵਾਵਾਂ।
ਨਿੱਜੀ ਸੁਰੱਖਿਆ ਸੇਵਾਵਾਂ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤਾਂ ਵਿਚ ਕਿਸਾਨੀ ਗਤੀਵਿਧੀਆਂ।
ਸਾਰੀਆਂ ਬੈਂਕਿੰਗ/ਆਰ.ਬੀ.ਆਈ. ਸੇਵਾਵਾਂ, ਏ.ਟੀ.ਐਮ., ਕੈਸ਼ ਵੈਨਾਂ ਅਤੇ ਨਕਦੀ ਦੇ ਪ੍ਰਬੰਧਨ/ਵੰਡ ਨਾਲ ਸਬੰਧਤ ਸੇਵਾਵਾਂ