ਪੰਜਾਬ ਦੀ ਮਸ਼ਹੂਰ ਸੁਰੀਲੀ ਗਾਇਕਾ “ਰਿਹਾਨਾ ਭੱਟੀ”
ਪੰਜਾਬ ਦੀ ਪਵਿੱਤਰ ਧਰਤੀ ‘ਤੇ ਅਨੇਕਾਂ ਗਾਇਕਾਂ ਨੇ ਜਨਮ ਲਿਆ ਹੈ। ਕੁਝ ਕੁ ਗਾਇਕ ਅਜਿਹੇ ਹਨ ਜਿੰਨ੍ਹਾਂ ਨੂੰ ਗਾਇਕੀ ਦਾ ਗਿਆਨ ਤਾਂ ਨਹੀਂ ਹੈ ਪ੍ਰੰਤੂ ਉਹ ਹਿੱਟ ਹੁੰਦੇ ਹਨ । ਅਜਿਹੇ ਫੋਕੀ ਸ਼ੌਹਰਤ ਹਾਸਲ ਕਰਨੇ ਵਾਲੇ ਗਾਇਕਾਂ ਦਾ ਸਫ਼ਰ ਜਲਦੀ ਖਤਮ ਵੀ ਹੋ ਜਾਂਦਾ ਹੈ। ਪਰ ਜਿੰਨ੍ਹਾਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ ਨੇ ਲੰਮੇ ਸਮੇਂ ਤੱਕ ਤਾਂ ਉਹੀ ਚੱਲਦੇ ਹਨ। ਅੱਜ ਅਸੀਂ ਪੰਜਾਬ ਦੀ ਸੁਰੀਲੀ ਅਤੇ ਸੁਸ਼ੀਲ ਗਾਇਕਾ “ਰਿਹਾਨਾ ਭੱਟੀ” ਦੀ ਗੱਲ ਕਰਨ ਜਾ ਰਹੇ ਹਾਂ।
ਪ੍ਰੀਤੀ ਉਰਫ਼ ਰਿਹਾਨਾ ਭੱਟੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਬਲਰਾਮ ਭੱਟੀ ( ਸੈਨੇਟਰੀ ਸੁਪਰਵਾਈਜ਼ਰ ਨਗਰ ਨਿਗਮ ਹੁਸ਼ਿਆਰਪੁਰ) ਦੇ ਘਰ ਮਾਤਾ ਮੰਜੂ ਦੀ ਕੁੱਖੋਂ ਹੋਇਆ। ਉਸ ਨੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਸਥਾਨਕ ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਿਸੇ ਨਿੱਜੀ ਸੰਸਥਾ ‘ਚ ਕੀਤਾ।
ਰਿਹਾਨਾ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਗਾਉਣ ਦਾ ਬਹੁਤ ਸ਼ੌਂਕ ਸੀ। ਸਕੂਲ ਵਿੱਚ ਅਲੱਗ-ਅਲੱਗ ਸੰਗੀਤ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਵਿਆਹ ਤੋਂ ਬਾਅਦ ਜਲੰਧਰ ਵਿਖੇ ਸੰਗੀਤ ਕਲਾ ਕੇਂਦਰ ਵਿੱਚ ਉਸਤਾਦ ਪ੍ਰੋ. ਭੁਪਿੰਦਰ ਸਿੰਘ ਪਾਸੋਂ ਕਲਾਸਿਕ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਫਿਰ 2017 ‘ਚ ਭਗਵਾਨ ਵਾਲਮੀਕਿ ਜੀ ਦਾ ਧਾਰਮਿਕ ਭਜਨ “ਆਪਣੇ ਹੱਕ” ਰਲੀਜ਼ ਹੋਇਆ ਜੋ ਕਿ ਸ੍ਰੋਤਿਆਂ ਵੱਲੋਂ ਬਹੁਤ ਮਕਬੂਲ ਕੀਤਾ ਗਿਆ। ਉਸ ਤੋਂ ਬਾਅਦ ਧਾਰਮਿਕ ਟ੍ਰੈਕ “ਸਾਗਰ ਦੀਆਂ ਛੱਲਾਂ” ਆਇਆ, ਜਿਸ ਨੇ ਰਿਹਾਨਾ ਦੀ ਵੱਖਰੀ ਪਹਿਚਾਣ ਬਣਾ ਬਣਾ ਦਿੱਤੀ ਅਤੇ ਫਿਰ ਪੰਜਾਬੀ ਲਘੂ ਫਿਲਮ “ਅਜੀਬ ਦਾਸਤਾਂ” ਵਿੱਚ ਸ਼ਨੀ ਸ਼ਹਿਜਾਦੇ ਨਾਲ ਦੋਗਾਣਾ “ਹਾਣੀ” ਆਇਆ। ਉਸ ਪਿੱਛੋਂ ਕਿਸੇ ਕਾਰਨ ਦੋ ਸਾਲ ਗਾਇਕੀ ਤੋਂ ਦੂਰ ਰਹਿਣਾ ਪਿਆ। ਪ੍ਰੰਤੂ ਰਿਹਾਨਾ ਆਪਣੇ ਉਸਤਾਦ ਜੀ ਦੇ ਹੌਂਸਲੇ ਅਤੇ ਅਸ਼ੀਰਵਾਦ ਸਦਕਾ ਮੁੜ ਤੋਂ ਸੰਗੀਤ ਜਗਤ ਵਿੱਚ ਦੁਬਾਰਾ ਹਾਜ਼ਰ ਹੋਈ ਅਤੇ ਉਸ ਤੋਂ ਬਾਅਦ ਪੰਜਾਬੀ ਗਾਇਕ ਮਨਵੀਰ ਰਾਣਾ ਨਾਲ ਦੋਗਾਣਾ “ਪਾਹੁਲ” ਅਤੇ “ਤੇਰਾ ਗੋਲਾ ਠੋਕਣਾ” ਦੋ ਟ੍ਰੈਕ ਰਲੀਜ਼ ਹੋਏ। ਜਿੰਨ੍ਹਾਂ ਨੂੰ ਸ੍ਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਰਿਹਾਨਾ ਨੇ ਦੱਸਿਆ ਕਿ ਉਸ ਦੇ ਹੁਣ ਤੱਕ ਦੇ ਸੰਗੀਤਕ ਸਫ਼ਰ ‘ਚ ਸਭ ਤੋਂ ਵੱਡਾ ਸਹਿਯੋਗ ਪਿਤਾ ਬਲਰਾਮ ਭੱਟੀ, ਗੀਤਕਾਰ ਸਨੀ ਨਾਹਰ ਕਪੂਰਥਲਾ,ਮਨਵੀਰ ਰਾਣਾ, ਰਾਜ ਮਤਫੱਲੂ , ਰਣਜੀਤ ਸਿੰਘ ਰਾਣਾ, ਵਿਜੈ ਕੁਮਾਰ ਸਿੱਧਮ ਅਤੇ ਸੰਗੀਤਕਾਰ ਅਮਦਾਦ ਅਲ਼ੀ ਜੀ ਹੋਰਾਂ ਦਾ ਰਿਹਾ ਹੈ ਜਿੰਨ੍ਹਾਂ ਦੀ ਬਦੌਲਤ ਮੇਰਾ ਗਾਇਕਾ ਬਣਨ ਦਾ ਸੁਪਨਾ ਪੂਰਾ ਹੋਇਆ ਹੈ। ਅੱਜ ਦੇ ਸਮੇਂ ‘ਚ ਗਾਇਕਾ ਰਿਹਾਨਾ ਭੱਟੀ ਆਈ਼ ਟੀ ਆਈ ਹੁਸ਼ਿਆਰਪੁਰ ਤੋਂ ਸਵਿੱਗ ਟੈਕਨਾਲਜੀ ਦਾ ਕੋਰਸ ਕਰ ਰਹੀ ਹੈ।
ਪੈਰੀ ਪਰਗਟ
81461-02593