By Gurlal Singh
ਮਨਪ੍ਰੀਤ ਬਾਦਲ ਨੇ ਮੈਰੀਟੋਰੀਅਸ ਸਕੂਲ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਦਾ ਕੀਤਾ ਦੌਰਾ
ਲੈਵਲ 3 ਦੀਆਂ ਸਹੂਲਤਾਂ ਲਈ 7 ਨਵੇਂ ਬੈੱਡ ਕੀਤੇ ਲੋਕ ਅਰਪਣ
ਸਮੂਹ ਐਨ.ਜੀ.ਓਜ਼ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ
ਬਠਿੰਡਾ, 6 ਜੂਨ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੋ ਦੇ ਮੈਰੀਟੋਰੀਅਸ ਸਕੂਲ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਲੈਵਲ 3 ਦੀਆਂ ਸਹੂਲਤਾਂ ਲਈ 7 ਨਵੇਂ ਬੈੱਡ ਲੋਕ ਅਰਪਣ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਲੈਵਲ 2 ਲਈ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਹੁਣ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਲੈਵਲ 3 ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਖਾਲਸਾ ਏਡ ਤੇ ਬਠਿੰਡਾ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਅਹਿਮ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਨਪ੍ਰੀਤ ਬਾਦਲ ਵਲੋਂ ਸੀਜੰਟਾ ਇਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਕੋਵਿਡ ਕੇਅਰ ਸੈਂਟਰ ਨੂੰ 26 ਹਸਪਤਾਲ ਬੈਡ ਮੁਹੱਈਆ ਕਰਵਾਉਣ ਤੇ ਵਿਸ਼ੇਸ਼ ਧੰਨਵਾਦ ਕੀਤਾ।
ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਹਾਨ ਦੱਸਦਿਆਂ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿਖੇ ਜਿੱਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਤੇ ਦਵਾਈਆਂ ਮੁਫਤ ਹੋਣਗੀਆਂ ਉੱਥੇ ਹੀ ਮਰੀਜ਼ਾ ਨਾਲ ਆਉਣ ਵਾਲੇ ਪ੍ਰਵਾਰਿਕ ਮੈਂਬਰਾਂ ਲਈ ਮੁਫਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਬਠਿੰਡਾ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਜੇਕਰ ਇਸ ਕੋਵਿਡ ਕੇਅਰ ਸੈਂਟਰ ਲਈ ਹੋਰ ਵੀ ਮਦਦ ਦੀ ਲੋੜ ਪਈ ਤਾਂ ਉਹ ਕਦੇ ਪਿੱਛੇ ਨਹੀਂ ਹੱਟਣਗੇ।
ਸ. ਮਨਪ੍ਰੀਤ ਸਿੰਘ ਬਾਦਲ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਮੇਅਰ ਰਮਨ ਗੋਇਲ, ਸ੍ਰੀ ਅਰੁਣ ਵਧਾਵਨ, ਸ਼੍ਰੀ ਪਵਨ ਮਾਨੀ, ਸ਼੍ਰੀ ਅਨਿੱਲ ਭੋਲਾ, ਸ਼੍ਰੀ ਦਰਵਜੀਤ ਠਾਕੁਰ, ਸ਼੍ਰੀ ਮੁਨੀਸ਼ ਪਾਂਧੀ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਸੰਦੀਪ ਬੌਬੀ, ਸ਼੍ਰੀ ਉਮੇਸ਼ ਗੋਗੀ ਅਤੇ ਸ਼੍ਰੀ ਮੋਂਟੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।