ਕੋਵਿਡ-19
ਕਰੋਨਾ ਟੈਸਟਿੰਗ ਤੇ ਹਸਪਤਾਲ ਪਹੁੰਚਣ ਚ ਦੇਰੀ ਹੋ ਰਹੀ ਹੈ ਖ਼ਤਰਨਾਕ ਸਾਬਤ : ਡਿਪਟੀ ਕਮਿਸ਼ਨਰ
ਰੋਜ਼ਾਨਾ ਬੈਠਕ ਦੌਰਾਨ ਕਰੋਨਾ ਪ੍ਰਬੰਧਾਂ ਦੀ ਕੀਤੀ ਸਮੀਖਿਆ
ਬਠਿੰਡਾ, 2 ਜੂਨ : ਪਿਛਲੇ ਤਿੰਨਾਂ ਦਿਨਾਂ ਤੋਂ ਲਗਾਤਾਰ ਘਰੇਲੂ ਇਕਾਂਤਵਾਸ, ਨਵੇਂ ਤੇ ਐਕਟਿਵ ਕੇਸਾਂ ਵਿਚ ਭਾਵੇਂ ਗਿਰਾਵਟ ਆ ਰਹੀ ਹੈ ਪਰ ਫ਼ਿਰ ਵੀ ਕਰੋਨਾ ਟੈਸਟਿੰਗ ਕਰਵਾਉਣ ਤੇ ਹਸਪਤਾਲ ਪਹੁੰਚਣ ਵਿਚ ਕੀਤੀ ਜਾ ਰਹੀ ਦੇਰੀ ਮੌਜੂਦਾ ਸਮੇਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਰੋਜ਼ਾਨਾ ਕੀਤੀ ਜਾਣ ਵਾਲੀ ਇਸ ਸਮੀਖਿਆ ਬੈਠਕ ਦੌਰਾਨ ਅਧਿਕਾਰੀਆਂ ਕੋਲੋਂ ਘਰੇਲੂ ਇਕਾਂਤਵਾਸ, ਕਰੋਨਾ ਟੈਸਟਿੰਗ, ਵੈਕਸੀਨੇਸ਼ਨ, ਆਕਸੀਜਨ ਗੈਸ, ਲੈਵਲ 2-3 ਦੇ ਬੈੱਡਾਂ ਦੀ ਸਥਿਤੀ ਤੋਂ ਇਲਾਵਾ ਜ਼ਿਲ੍ਹੇ ਭਰ ਚ ਲਗਾਏ ਜਾ ਰਹੇ ਰੋਜ਼ਾਨਾ ਕਰੋਨਾ ਟੈਸਟਿੰਗ ਕੈਂਪਾਂ ਦੀ ਸਥਿਤੀ ਨੂੰ ਵਾਚਿਆ।
ਬੈਠਕ ਦੌਰਾਨ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਕਰੋਨਾ ਟੈਸਟਿੰਗ ਦੀ ਸਮੀਖਿਆ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰੋਨਾ ਟੈਸਟਿੰਗ ਦੀਆਂ ਟੀਮਾਂ ਵਿਚ ਹੋਰ ਵਾਧਾ ਕੀਤਾ ਜਾਵੇ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰੀ ਖੇਤਰ ਦੇ ਨਾਲ-ਨਾਲ ਪੇਂਡੂ ਖੇਤਰ ਕਰੋਨਾ ਟੈਸਟਿੰਗ ਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ, ਸਬੰਧਤ ਐਸ.ਡੀ.ਐਮਜ਼, ਬੀ.ਡੀ.ਪੀ.ਓਜ਼, ਸਾਂਝੇ ਤੌਰ ਤੇ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਕਰਕੇ ਕਰੋਨਾ ਟੈਸਟਿੰਗ ਵਿਚ ਤੇਜੀ ਲਿਆਉਣੀ ਯਕੀਨੀ ਬਣਾਉਣ ਤਾਂ ਜੋ ਜਲਦ ਤੋਂ ਜਲਦ ਜ਼ਿਲ੍ਹੇ ਦੇ ਪਿੰਡਾਂ ਨੂੰ ਕਵਰ ਕਰਕੇ ਕਰੋਨਾ ਨੂੰ ਮਾਤ ਦਿੱਤੀ ਜਾ ਸਕੇ।
ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਆਕਸੀਜਨ ਦੀ ਜ਼ਿਲ੍ਹੇ ਅੰਦਰ ਕੋਈ ਸਮੱਸਿਆ ਨਹੀਂ ਹੈ ਪਰ ਫ਼ਿਰ ਵੀ ਹਸਪਤਾਲਾਂ ਵਿਚ ਆਕਸੀਜਨ ਗੈਸ ਦੀ ਵਰਤੋਂ ’ਤੇ ਤਿਰਸ਼ੀ ਨਜ਼ਰ ਰੱਖੀ ਜਾਵੇ ਤਾਂ ਜੋ ਕੋਈ ਵੀ ਹਸਪਤਾਲ ਆਕਸੀਜਨ ਗੈਸ ਸਿਲੰਡਰਾਂ ਨੂੰ ਸਟੋਰ ਨਾ ਕਰ ਸਕੇ।
ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਯਾਦਵਿੰਦਰ ਸਿੰਘ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਅਭਿਨਵ ਆਦਿ ਅਧਿਕਾਰੀ ਹਾਜ਼ਰ ਸਨ।