You are currently viewing

ਕਰੋਨਾ ਮੁਕਤ ਪਿੰਡ ਅਭਿਆਨ ਮੁਹਿੰਮ ਨੂੰ ਪਿੰਡਾਂ ਵਿਚ ਮਿਲ ਰਿਹੈ ਭਰਵਾ ਹੁੰਗਾਰਾ : ਡਿਪਟੀ ਕਮਿਸ਼ਨਰ

20 ਫ਼ੀਸਦੀ ਕਰੋਨਾ ਟੈਸਟਿੰਗ ਕਰਕੇ ਬਠਿੰਡਾ ਜ਼ਿਲ੍ਹਾ ਰਿਹਾ ਮੋਹਰੀ

ਜ਼ਿਲ੍ਹੇ ਦੇ 108 ਪਿੰਡਾਂ ਚ ਲਗਾਏ ਜਾ ਚੁੱਕੇ ਹਨ ਕਰੋਨਾ ਟੈਸਟਿੰਗ ਕੈਂਪ

ਕਿਹਾ, 19461 ਪੇਂਡੂ ਲੋਕਾਂ ਦੀ ਕੀਤੀ ਜਾ ਚੁੱਕੀ ਹੈ ਕਰੋਨਾ ਟੈਸਟਿੰਗ

17907 ਨੈਗੇਟਿਵ ਤੇ 970 ਕੇਸ ਪਾਏ ਗਏ ਪਾਜੀਟਿਵ

ਪੇਂਡੂ ਖੇਤਰ ਚ ਸਿਰਫ਼ 5 ਫ਼ੀਸਦੀ ਰਹੀ ਪਾਜੀਟਿਵ ਦਰ

ਬਠਿੰਡਾ, 31 ਮਈ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਕਰੋਨਾ ਪਿੰਡ ਮੁਕਤ ਅਭਿਆਨ ਮੁਹਿੰਮ ਨੂੰ ਜ਼ਿਲ੍ਹੇ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 30 ਮਈ ਤੱਕ ਜ਼ਿਲ੍ਹੇ ਦੇ ਕੁੱਲ 315 ਪਿੰਡਾਂ ਵਿਚੋਂ 108 ਪਿੰਡਾਂ ਵਿਚ ਕਰੋਨਾ ਦੇ ਖ਼ਾਤਮੇ ਲਈ ਕਰੋਨਾ ਟੈਸਟਿੰਗ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਦੌਰਾਨ 19461 ਲੋਕਾਂ ਦੀ ਕਰੋਨਾ ਟੈਸਟਿੰਗ ਕੀਤੀ ਗਈ ਜਿਸ ਵਿਚੋਂ 17907 ਲੋਕਾਂ ਦੀ ਰਿਪੋਰਟ ਨੈਗੇਟਿਵ ਅਤੇ 970 ਕੇਸ ਪਾਜੀਟਿਵ ਪਾਏ ਗਏ। ਇਸ ਦੌਰਾਨ ਪਿੰਡਾਂ ਨਾਲ ਸਬੰਧਤ 43 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋਈ ਹੈ।

ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਆਬਾਦੀ ਦੇ ਹਿਸਾਬ ਨਾਲ ਜ਼ਿਲ੍ਹੇ ਦੇ ਪਿੰਡਾਂ ਚ ਸਭ ਤੋਂ ਵੱਧ 20 ਫ਼ੀਸਦੀ ਕਰੋਨਾ ਟੈਸਟਿੰਗ ਕਰਕੇ ਸੂਬੇ ਭਰ ਚ ਮੋਹਰੀ ਰਿਹਾ ਹੈ। ਕਰੋਨਾ ਪਿੰਡ ਮੁਕਤ ਅਭਿਆਨ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਜ਼ਿਲ੍ਹੇ ਦੇ ਪੇਂਡੂ ਖੇਤਰ ਨਾਲ ਸਬੰਧਤ 124062 ਘਰਾਂ ਤੱਕ ਪਹੁੰਚ ਕਰਕੇ 654835 ਲੋਕਾਂ ਦੀ ਸਕਰੀਨਿੰਗ ਵੀ ਕੀਤੀ ਗਈ ਅਤੇ ਇਸ ਦੌਰਾਨ ਸਿਰਫ਼ 5 ਫ਼ੀਸਦੀ ਕਰੋਨਾ ਪਾਜੀਟਿਵ ਦਰ ਪਾਈ ਗਈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਜੇਕਰ ਉਨਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣਾ ਲਾਜ਼ਮੀ ਬਣਾਉਣ ਤਾਂ ਜੋ ਕਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।

ਆਮ ਲੋਕਾਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਰੋਨਾ ਪਾਜੀਟਿਵ ਆਉਂਦਾ ਹੈ ਤਾਂ ਉਸਨੂੰ ਘਬਰਾਉਣ ਦੀ ਨਹੀਂ ਸਗੋਂ ਹੌਂਸਲੇ ਨਾਲ ਇਲਾਜ ਦੀ ਜ਼ਰੂਰਤ ਹੈ। ਇਸ ਨਾਲ ਜਿੱਥੇ ਉਹ ਮੁੱਢਲੇ ਪੜਾਅ ’ਤੇ ਹੀ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਨ, ਉੱਥੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਅ ਸਕਣਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਕਰੋਨਾ ਟੀਕਾਕਰਨ ਤੇ ਟੈਸਟਿੰਗ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਘੜੀ ਵਿਚ ਪੂਰਾ ਸਹਿਯੋਗ ਦੇਣ ਤਾਂ ਜੋ ਅਸੀਂ ਰਲ ਕੇ ਕਰੋਨਾ ਤੇ ਫ਼ਤਿਹ ਹਾਸਲ ਕਰ ਸਕੀਏ।