You are currently viewing

ਭਾਨੋ ਦੀ ਆਵਾਜ- ‘ਏਹੁ ਹਮਾਰਾ ਜੀਵਣਾ’ ਨਾਵਲ ਦੇ ਪ੍ਰਸੰਗ ਵਿੱਚ

ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਦਾ ਜਨਮ 4 ਮਈ, 1935 ਨੂੰ ਪਿੰਡ ਰੱਬੋਂ ਉਚੀ (ਲੁਧਿਆਣਾ) ਵਿਖੇ ਹੋਇਆ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੀ ਪੀ-ਐੱਚ.ਡੀ. ਕਰਨ ਵਾਲੀ ਪਹਿਲੀ ਨਾਰੀ ਸੀ। ਉਸਨੇ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਉਸਦੇ ਨਾਵਲਾਂ ਵਿੱਚ ‘ਅਗਨੀ ਪ੍ਰੀਖਿਆ’ , ‘ਏਹੁ ਹਮਾਰਾ ਜੀਵਣਾ’,  ‘ਦੂਸਰੀ ਸੀਤਾ’, ‘ਲੰਮੀ ਉਡਾਰੀ’, ‘ਪੈੜ-ਚਾਲ’, ‘ਲੰਘ ਗਏ ਦਰਿਆ’,’ਕਥਾ ਕਹੋ ਉਰਵਸ਼ੀ’, ਆਦਿ ਸ਼ਾਮਿਲ ਹਨ। ਡਾ. ਟਿਵਾਣਾ ਨੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਜਿਨ੍ਹਾਂ ਵਿੱਚ ‘ਪੁਤ ਸਪੁਤ ਕਰੇਨਿ’,’ ਪੈੜਾਂ’,’ਕਾਲੇ ਲਿਖੁ ਨਾ ਲੇਖ’ ਆਦਿ ਹਨ। ਆਪ ਨੇ ਸਵੈ-ਜੀਵਨੀ ‘ਨੰਗੇ ਪੈਰਾਂ ਦਾ ਸਫਰ’,’ਸਿਖਰ ਦੁਪਹਿਰੇ’,’ਪੁਛਤੇ ਹੋ ਤੋ ਸੁਨੋ’,’ਤੁਰਦਿਆਂ ਤੁਰਦਿਆਂ’, ਦੀ ਰਚਨਾ ਕੀਤੀ। ਇਹਨਾਂ ਰਚਨਾਵਾਂ ਵਿਚੋਂ ਨਾਵਲ ‘ਏਹੁ ਹਮਾਰਾ ਜੀਵਣਾ’ ਤੇ ‘ਆਪ ਜੀ ਨੂੰ’ ਸੰਨ 1971 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਹੋਇਆ। ਆਪ ਦੇ ਬਹੁਤ ਸਾਰੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਭਾਸ਼ਾ ਵਿੱਚ ਅਨੁਵਾਦ ਵੀ ਹੋ ਚੁੱਕੇ ਹਨ ਤੇ ਰਚਨਾਵਾਂ ਵੱਖ-ਵੱਖ ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਿਕਾ ਨੇ ਆਪਣੀ ਰਚਨਾਵਾਂ ਵਿਚ ਵਧੇਰੇ ਕਰਕੇ ਪੀੜਿਤ ਔਰਤਾਂ ਦੀ ਮਾਨਸਿਕਤਾ ਤੇ ਸਮਾਜ ਵਿੱਚ ਉਨ੍ਹਾਂ ਦੀ ਨੀਵੇਂ ਦਰਜੇ ਦੀ ਸਥਿਤੀ ਨੂੰ ਵਿਸ਼ਾ ਬਣਾਇਆ ਹੈ। ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਵਿਚ ਔਰਤ ਦੀ ਸਥਿਤੀ ਨੂੰ ਵਿਭਿੰਨ ਰੂਪਾਂ ਵਿੱਚ ਪੇਸ਼ ਕੀਤਾ ਹੈ। ਉਸ ਨੇ ਆਪਣੇ ਨਾਵਲ  ‘ਏਹੁ ਹਮਾਰਾ ਜੀਵਣਾ’ ਵਿਚ ਜਾਗੀਰਦਾਰੀ ਪ੍ਰਬੰਧ ਵਿੱਚ ਪੁਰਸ਼ ਪ੍ਰਧਾਨ/ਪਤੀ ਪ੍ਰਧਾਨ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ। ਇਸ ਦੀ ਵਿਲੱਖਣਤਾ ਹੈ ਕਿ ਇਸ ਨਾਵਲ ਵਿਚ ਨਾ ਸਿਰਫ਼ ਇੱਕ ਪੱਖ (ਔਰਤ ਤ੍ਰਾਸਦੀ) ਦੀ ਪੇਸ਼ਕਾਰੀ ਹੋਈ ਹੈ ਸਗੋਂ ਸਮਾਜਕਿ, ਆਰਥਿਕ ਤੇ ਸੱਭਿਆਚਾਰਕ ਪਰਿਪੇਖ ਨੂੰ ਚਿਤਰਦਿਆਂ ਪੰਜਾਬ ਦੇ ਮੱਧ ਸ਼੍ਰੇਣੀ ਸਮਾਜ ਵਿਚ ਪੇਂਡੂ ਇਸਤਰੀਆ ਦੀ ਸਥਿਤੀ ਨੂੰ ਰੂਪਮਾਨ ਕੀਤਾ ਗਿਆ ਹੈ। ਇਸਤਰੀ ਨਾਲ ਹੁੰਦੇ ਅਨਿਆਂ ਨੂੰ ਲੇਖਿਕਾ ਨੇ ਉਸਦੇ ਵਿਆਹ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ।

ਨਾਵਲ ਕਹਾਣੀ ਅਨੁਸਾਰ ਭਾਨੋ ਜੋ ਕੇ ‘ਭੜੀ ਦੇ ਕੋਟਲੇ’ ਦੇ ਕਿਸਾਨ ਦੀ ਧੀ ਹੈ। ਉਸਦਾ ਭਰਾ ‘ਡੋਗਰ’ ਜਰਗ ਦੇ ਮੇਲੇ ਤੇ ਸ਼ਰਾਬ ਪੀਣ ਕਾਰਨ ਬਿਮਾਰ ਹੋ ਜਾਂਦਾ ਹੈ, ਜਿਸਦੇ ਇਲਾਜ ਖਾਤਿਰ ਨਾ ਕੇਵਲ ਪਸ਼ੂ ਤੇ ਜ਼ਮੀਨ ਵੇਚੀ ਜਾਂਦੀ ਹੈ, ਸਗੋਂ ਭਾਨੋ ਦਾ ਮੋਰਾਂਅਲੀ ਦੇ ਸਰਵਣ ਨਾਲ ਮੁੱਲ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਇਕ ਚੰਗਾ ਇਨਸਾਨ ਹੋਣ ਕਰਕੇ ਸਰਵਣ ਭਾਨੋ ਨੂੰ ਹਰ ਤਰਾਂ ਦੇ ਸੁੱਖ ਦਿੰਦਾ ਹੈ।  ਦੂਜੇ ਪਾਸੇ ਉਸਦੇ ਕਵਾਰੇ ਭਰਾ ਭਾਨੋ ਨੂੰ ਮੁੱਲ ਦੀ ਵਸਤੂ ਸਮਝਦੇ ਹੋਏ ਉਸ ਉੱਤੇ ਆਪਣੇ ਅਧਿਕਾਰ ਸਮਝਦੇ ਹਨ। ਪਰ ਭਾਨੋ ਸਿਰਫ਼ ਇੱਕ ਦੀ ਹੀ ਅਰਥਾਤ ਸਰਵਣ ਦੀ ਹੋ ਕੇ ਰਹਿਣਾ ਚਾਹੁੰਦੀ ਹੈ ਸੋ ਦੋਵਾਂ ਧਿਰਾਂ ਦੇ ਅੰਤਰ-ਵਿਰੋਧ ਦਾ ਨਤੀਜਾ ਸਰਵਣ ਦੀ ਮੌਤ ਹੁੰਦਾ ਹੈ। ਇਸ ਉਪਰੰਤ ਭਾਨੋ ਲਈ ਮੁਸੀਬਤਾਂ ਹੀ ਮੁਸੀਬਤਾਂ ਸ਼ੁਰੂ ਹੋ ਜਾਂਦੀਆ ਹਨ ਕਿਉਂਕਿ ਸਰਵਣ ਦੀ ਮੌਤ ਤੋ ਬਾਦ ਜਦ ਉਹ ਪੇਕੇ ਘਰ ਚਲੀ ਜਾਂਦੀ ਹੈ ਤਾਂ ਉਸਦਾ ਪਿਤਾ ਜਦੋਂ ਕਿਸੇ ਹੋਰ ਥਾਂ ਵੇਚਣ /ਤੋਰਨ ਦੀ ਗੱਲ ਕਰਦਾ ਹੈ ਤਾਂ ਉਹ ਗੰਗਾ ਵਿੱਚ ਛਾਲ ਮਾਰ ਦਿੰਦੀ ਹੈ।  ਉਸੇ ਹੀ ਸਮੇਂ ਗੰਗਾ ‘ਚ ਡੁੱਬਦੀ ਭਾਨੋ ਨੂੰ ਨਰੈਣਾ ਅਮਲੀ ਬਚਾ ਕੇ ਆਪਣੇ ਘਰ ਲੈ ਜਾਂਦਾ ਹੈ ਤੇ ਉਸ ਨੂੰ ਪਤਨੀ ਬਣਾ ਲੈਂਦਾ ਹੈ। ਬੇਸ਼ੱਕ ਉਹ ਪਹਿਲੇ ਪਤੀ ਸਰਵਣ ਨੂੰ ਨਹੀਂ ਭੁੱਲਦੀ, ਪਰ ਉਹ ਜ਼ਿੰਮੇਵਾਰੀ ਨਾਲ ਨਰੈਣ ਨਾਲ ਰਹਿਣਾ ਆਰੰਭ ਕਰ ਦਿੰਦੀ ਹੈ। ਭਾਨੋ ਨੇ ਨਰੈਣ ਨੂੰ ਸੁਧਾਰ ਦਿੱਤਾ ਤੇ ਨਰੈਣਾ ਵੀ ਉਸਦੀ ਫ਼ਿਕਰ ਕਰਨ ਲੱਗਾ। ਪਰ ਭਾਨੋ ਦੇ ਕੋਈ ਬੱਚਾ ਨਾ ਹੋਣ ਕਾਰਨ ਨਰੈਣਾਂ ਇਕ ਹੋਰ ਔਰਤ ਭਾਗਵੰਤੀ ਨਾਲ ਵਿਆਹ ਕਰਵਾ ਲੈਦਾ ਹੈ, ਜਿਹੜੀ ਕਿ ਪੁੱਤਰ ਦੇ ਜਨਮ ਉਪਰੰਤ ਭਾਨੋ ਨੂੰ ਘਰ ਛੱਡਣ ਲਈ ਮਜ਼ਬੂਰ ਕਰ ਦਿੰਦੀ ਹੈ। ਭਾਗਵੰਤੀ ਅੱਗੇ ਬੇਵਸ ਹੋਇਆ ਨਰੈਣਾ, ਭਾਨੋ ਨੂੰ ਚੌਂਦੇ ਵਾਲੇ ਫੱਤੇ ਨਾਲ ਤੋਰਨ ਲਈ ਮਜ਼ਬੂਰ ਹੋ ਜਾਂਦਾ ਹੈ। ਅਖੀਰ ਬੇਵੱਸ ਤੇ ਲਾਚਾਰ ਹੋਈ ਭਾਨੋ ਪਰਦੇਸਣਾਂ ਵਾਂਗ ਘਰੋਂ ਨਿਕਲ ਜਾਂਦੀ ਹੈ।

ਇਸ ਤਰ੍ਹਾਂ ਡਾ. ਦਲੀਪ ਕੌਰ ਟਿਵਾਣਾ ਨੇ ਆਪਣੇ ਇਸ ਨਾਵਲ ਵਿਚ ਅਣਜੋੜ ਵਿਆਹ ਦੀ ਸਮੱਸਿਆਂ ਨੂੰ ਪੇਸ਼ ਕੀਤਾ ਹੈ। ਇਸ ਨਾਵਲ ਵਿਚ ਭਾਨੋ ਦਾ ਜੀਵਨ ਔਰਤ ਦੀ ਅਣਹੋਂਦ ਤੋਂ ਹੋਂਦ ਵੱਲ ਜਾਣ ਦੀ ਇੱਛਾ ਦਾ ਸਫ਼ਰ ਹੈ। ਸਮਾਜਿਕ ਬੰਧਨਾਂ ਤੇ ਵਧੀਕੀਆਂ ਨੂੰ ਸਹਾਰਦਾ ਹੋਇਆ ਭਾਨੋ ਦਾ ਸਬਰ ਤੇ ਸਿਦਕ ਵੀ ਦਲੀਪ ਕੌਰ ਟਿਵਾਣਾ ਦੀਆਂ ਨਾਇਕਾਵਾਂ ਦੇ ਸੱਭਿਅਕ ਤੇ ਬੌਧਿਕ ਹੋਣ ਦਾ ਪ੍ਰਮਾਣ ਹੈ। ਇਸ ਤਰ੍ਹਾਂ ‘ਏਹੁ ਹਮਾਰਾ ਜੀਵਣਾ’ ਨਾਵਲ ਦੀ ਭਾਨੋ ਦਾ ਸਬਰ ਤੇ ਚੁੱਪ ਇਸ ਨਾਵਲ ਨੂੰ ਵਿਸ਼ਾਲ ਕੈਨਵਸ ਪ੍ਰਦਾਨ ਕਰਦਾ ਹੈ। ਭਾਨੋ ਦੀ ਬੇਵੱਸੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ “ਅਮਲਾਂ/ਨਸ਼ਿਆਂ ਦਾ ਫੂਕਿਆਂ ” ਨਰੈਣਾ ਭਾਨੋ ਨੂੰ ਗਾਲਾਂ ਕੱਢਣ ਤੇ ਕੁੱਟਣ ਮਾਰਨ ਤੋਂ ਇਲਾਵਾ, ਬੱਚਾ ਪੈਦਾ ਨਾ ਕਰ ਸਕਣ ਕਾਰਨ ਉਸਨੂੰ ਅੱਗੇ ਵੇਚ ਦਿੰਦਾ ਹੈ। ਭਰਾਂ ਦੀ ਬਿਮਾਰੀ, ਵਿਧਵਾਪਣ, ਭਰਾਵਾਂ ਬਾਹਰੀ ਹੋਣਾ ਤੇ ਬੱਚਾ ਨਾ ਪੈਦਾ ਕਰਨ ਸਕਣਾ ਆਦਿ ਸਮਾਜਿਕ /ਆਰਥਿਕ ਪਹਿਲੂ ਭਾਨੋ ਦੀ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਰੁਕਾਵਟ ਬਣਦੇ ਹਨ। ਉਹ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਪ੍ਰਸਥਿਤੀਆਂ ਵਿਚ ਇੰਨੀ ਬੁਰੀ ਤਰਾਂ ਜਕੜੀ ਨੂੰ ਜਾਂਦੀ ਹੈ ਕਿ ਉਸ ਕੋਲ ਸਵੈ-ਤਿਆਗ ਤੇ ਸਮਰਪਣ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ। ਵਿਅਕਤੀਗਤ ਮਾਨ-ਸਨਮਾਨ ਤੇ ਸੰਕਟ ਦਾ ਵਿਰੋਧਾਭਾਸ਼ ਕਾਮਨਾ ਵਾਸਨਾ ਤੇ ਸਵਾਰਥਮਈ ਜਾਗੀਰਦਾਰੀ ਪ੍ਰਬੰਧ ਉੱਤੇ ਇੱਕ ਭਾਵਪੂਰਨ ਵਿਅੰਗ ਹੈ।

ਨਸ਼ੇੜੀ ਨਰੈਣਾ ਪਹਿਲੀ ਪਤਨੀ ਦੇ ਭੱਜ ਜਾਣ ਪਿਛੋਂ ਤੀਸਰੀ ਪਤਨੀ ਭਾਗਵੰਤੀ ਅੱਗੇ ਵੀ ਬੇਵੱਸ ਹੋ ਕੇ ਭਾਨੋ ਨੂੰ ਘਰੋਂ ਨਿਕਲਣ ਲਈ ਮਜਬੂਰ ਕਰਦਾ ਹੈ ਤਾਂ ਭਾਨੋ ਉਸਨੂੰ ਜੋ ਗੱਲਾਂ ਸੁਣਾਉਂਦੀ ਹੈ, ਉਹ ਬੜੀਆਂ ਅਰਥਪੂਰਨ ਜਾਪਦੀਆਂ ਹਨ-” ਕਈ ਵਾਰੀ ਤਾਂ ਮੈਨੂੰ ਤੂੰ ਵੀ ਭਾਨੋ ਕੋਈ ਭੂਤ-ਚੁੜੇਲ ਵੀ ਲੱਗਦੀ ਐਂ। ਵਸ ਕੀਤੀ ਭੂਤ-ਚੁੜੇਲ, ਮੇਰੇ ਸਾਰੇ ਕੰਮ ਤਾਂ ਕਰ ਦਿੰਦੀ ਐ ਪਰ ਜਦੋਂ ਬੁੱਕਲ ‘ਚ ਲੈਨਾ ਜਾਣੀ ਖਾਲੀ ਜੀ ਰਹਿ ਜਾਂਦੀ ਐ। ਤੂੰ ਜਾਣੋਂ ਕਿਧਰੇ ਹੋਰ ਈ ਚਲੀ ਜਾਨੀ ਐਂ।”

ਭਾਨੋ ਦਾ ਪਿਤਾ ਇਕ ਪਾਸੇ ਆਪਣੀ ਧੀ ਨੂੰ ਵੇਚਣ ਲਈ ਮਜਬੂਰ ਹੈ ਤੇ ਦੂਜੇ ਪਾਸੇ ਉਸਦਾ ਬੁਢਾਪਾ ਰੁਲਦਾ ਹੈ। ਘਰ ਵਿਚ ਔਰਤ ਦੀ ਕਮੀ ਸਰਵਣ ਦੇ ਭਰਾਵਾਂ ਨੂੰ ਆਪਣੇ ਹੀ ਭਰਾ ਦੇ ਕਤਲ ਬਣਾ ਦਿੰਦੀ ਹੈ। ‘ਜਾਗਰ’ ਤੇ ‘ਲਾਭੇ ਕੇ ਇੰਦਰ’ ਵਰਗੇ ਪਾਤਰ ਪਰਾਈਆਂ ਔਰਤਾਂ ਵੱਲ ਨਜ਼ਰਾਂ ਰੱਖਦੇ ਆਪਣੇ ਸਮਾਂ ਲੰਘਾਉਂਦੇ ਹਨ। ਇਸੇ ਤਰ੍ਹਾਂ “ਦਿਆਲੋ’ ਤੇ ‘ਬਚਨੀ’ ਵਰਗੀਆਂ ਔਰਤਾਂ ਵੀ ਦੂਸਰਿਆਂ ਦੀਆਂ ਚੁਗਲੀਆਂ ਕਰਦੀਆਂ ਆਪਣੇ ਅਧੂਰੇ ਹੋਣ, ਦਾ ਸਬੂਤ ਪੇਸ਼ ਕਰਦੀਆਂ ਹਨ। ਜਦੋਂ ਕਿ ਭਾਨੋ ਆਪਣਾ ਆਪ ਵਾਰ ਕੇ ਵੀ ਉੱਚਾ-ਸੁੱਚਾ ਚਰਿੱਤਰ ਰੱਖਣ ਵਾਲੀ ਪ੍ਰਤਿਬਿੰਬਤ ਔਰਤ ਹੈ ਜੋ ਸਰਵਣ ਦੇ ਭਰਾਵਾਂ , ਜਾਗਰ ਤੇ ਗੁਰਦੁਆਰੇ ਦੇ ਭਾਈ ਵੱਲੋ ਆਪਣੇ ਵੱਲ, ਵਧਾਏ ਸਵਾਰਥੀ ਤੇ ਖੁਦਗਰਜ਼ੀ ਹੱਥਾਂ ਨੂੰ ਹੁੰਗਾਰਾ ਦੇਣ ਦੀ ਬਜਾਏ ਦਰ-ਦਰ ਦੀਆਂ ਠੋਕਰਾਂ ਖਾ ਕੇ ਮਰਨਾ ਸਵੀਕਾਰਦੀ ਹੈ। ਅਨਪੜ੍ਹ ਹੋਣ ਦੇ ਬਾਵਜੂਦ ਵੀ ਭਾਨੋ ਇਕ ਅਜਿਹੀ ਸੂਝਵਾਨ ਔਰਤ ਹੈ ਜਿਸਨੂੰ ਸਿਰਫ਼ ਸਰਵਣ ਹੀ ਭਾਉਂਦਾ ਹੈ। ਇਹੀ ਕਾਰਨ ਹੈ ਕਿ ਭਾਨੋ ਦੀ ਇਹ ਤ੍ਰਾਸਦੀ ਮੌਲਿਕ ਤੇ ਸ਼ਾਹੀ ਮਜਾਜ ਵਾਲੀ ਹੈ ਜਿਹੜੀ ਕਿ ਕਿਸੇ ਸਮਝੌਤੇ ਵਿੱਚ ਨਹੀਂ ਬੱਝਦੀ।

ਭਾਨੋ ਦਾ ਸਰਵਣ ਪ੍ਰਤੀ ਮੋਹ ਪਿਆਰ ਇਸ ਕਦਰ ਤੀਖਣ ਤੇ ਸਾਬਤ ਸਬੂਤ ਹੁੰਦਾ ਹੈ ਕਿ ਉਸਦੀ ਕੁੱਖ ਵਿੱਚ ਅਮਲੀ ਨਰੈਣ ਦੇ ਬੱਚੇ ਦੇ ਅੰਸ਼ ਵੀ ਨਹੀਂ ਪੁੰਗਰ ਸਕਦੇ। ਇਸ ਤਰ੍ਹਾਂ ਨਰੈਣ ਨੂੰ ਕਹੇ ਉਸਦੇ ਇਹ ਸ਼ਬਦ ਪਰਮ ਸੱਚ ਦੀ ਪ੍ਰੋੜਤਾ ਕਰਦੇ ਹਨ:-

“ਤੇਰਾ ਜੀ ਕਰਦੈ ਤਾਂ ਰੱਬ ਕਰੇ ਜ਼ਰੂਰ ਹੋ ਜੇ। ਊਂ ਮੈਨੂੰ ਲੱਗਦੈ ਜਿੱਦਣ ਤਾ ਉਹੋ (ਸਰਵਣ) ਮਰਿਐ ਮੇਰਾ ਤਾਂ ਜਾਣੀ ਅੰਦਰ ਈ ਸੁੱਕ ਗਿਐ। ਹੁਣ ਉਥੇ ਕੀ ਫੁੱਟਣਾ ਐ।”

ਇਸ ਨਾਵਲ ਵਿਚ ਲੇਖਿਕਾ ਨੇ ਇਸਤਰੀ ਦੀ ਕਮਜ਼ੋਰੀ ਦਾ ਕਾਰਨ ਕਰਮਕਾਂਡਾ, ਲੋਕ ਵਿਸ਼ਵਾਸ ਤੇ ਵਹਿਮਾਂ-ਭਰਮਾਂ ਨੂੰ ਵੀ ਦੱਸਿਆ ਹੈ ਜਿਵੇਂ ਕਿ ਇਸ ਨਾਵਲ ਵਿੱਚ

” ਔਂਤ -ਪ੍ਰੇਤ ਦੀ ਨਜ਼ਰ ਹੁੰਦੀ ਵੀ ਬਾਹਲੀਓ ਮਾੜੀ ਐ, ਤੂੰ ਹਥੌਲਾ ਕਰਵਾ ਲਿਆ ਬਾਵੇ ਤੋਂ ਜਾ ਕੇ।”  ਤੇ ਫਿਰ ਕਹਿੰਦੀ ਹੈ,” …….. ਪਰ ਬੁਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਐ। ਫੁੱਲ ਵਰਗਾ ਜੁਆਕ ਐ।” ਇਹੀ ਕਾਰਨ ਹੈ ਕਿ ਉਹ ਭਾਗਵੰਤੀ ਨੂੰ ਆਪਣਾ ਜੁਆਕ ਕਿਸੇ ਹੋਰ ਨੂੰ ਫੜਾਨ ਤੋਂ ਵਰਜਦੀ ਹੈ। ਇਸੇ ਤਰ੍ਹਾਂ ਸੰਤੀ ਨਾਂ ਦੀ ਪਾਤਰ ਭਾਨੋ ਦੀ ਬੱਚਾ ਪ੍ਰਾਪਤੀ ਲਈ ਉਸਨੂੰ ਮੰਨਤਾਂ ਮੰਨਣ, ਪੰਚਮੀਆਂ ਨਹਾਉਣ, ਹਥੌਲਾ ਕਰਵਾਉਣ ਆਦਿ ਵਹਿਮ-ਭਰਮਾਂ ਦੀ ਗੱਲ ਕਰਦੀ ਹੈ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਭਾਨੋ ਦੀ ਸਥਿਤੀ ਇੰਨੀ ਨਾਜ਼ੁਕ ਤੇ ਤਰਸਯੋਗ ਹੋ ਜਾਂਦੀ ਹੈ ਕਿ ਧਾਰਮਿਕ ਸਥਾਨ ਵਰਗੀਆਂ ਪਵਿੱਤਰ ਥਾਵਾਂ ‘ਤੇ ਵੀ ਉਸਦਾ ਮਾਣ-ਸਨਮਾਨ ਮਹਿਫੂਜ਼ ਨਹੀਂ ਹੈ। ਇਸ ਨਾਵਲ ਦੇ ਅਖੀਰ ਵਿੱਚ ਨਰੈਣ ਅਮਲੀ ਦਾ ਘਰ ਛੱਡਕੇ ਭਾਨੋਂ ਦਾ ਸੱਥ ਵਿਚੋਂ ਦੀ ਪ੍ਰਦੇਸਣਾਂ ਵਾਂਗ ਤੁਰੇ ਜਾਣਾ ਜਿੱਥੇ ਔਰਤ ਦਾ ਪ੍ਰੰਪਰਾ ਨੂੰ ਤਿਆਗ ਕੇ ਜਿੰਦਗੀ ਦੇ ਨਵੇਂ ਦਿਸਹੱਦਿਆਂ ਦੀ ਤਲਾਸ਼ ਦੀ ਆਸ ਜਗਾਉਂਦਾ ਹੈ, ਉੱਥੇ ਇਹੀ ਸਥਿਤੀ ਉਸਨੂੰ ਵਿਭਚਾਰਨ ਵੀ ਬਣਾ ਸਕਦੀ ਹੈ, ਉਸਨੂੰ ਇਕ ਹੋਰ ਨਵੇਂ ਘਰ ਵੱਲ ਵੀ ਧਕੇਲ ਸਕਦੀ ਹੈ ਤੇ ਮੁੜ ਗੰਗਾ ਵੱਲ ਨੂੰ ਵੀ ਮੋੜ ਸਕਦੀ ਹੈ। ਔਰਤ ਦੀ ਅਜਿਹੀ ਅਨਿਸ਼ਚਿਤ ਤੇ ਤ੍ਰਾਸਦਿਕ ਹੋਣੀ ਦਾ ਬਾਖੂਬੀ ਚਿਤਰਨ ਹੀ ‘ਏਹੁ ਹਮਾਰਾ ਜੀਵਣਾ’ ਦੀ ਸਫ਼ਲ ਪ੍ਰਾਪਤੀ ਹੈ। ‘ਏਹੁ ਹਮਾਰਾ ਜੀਵਣਾ’ ਸ਼ੇਖ ਫਰੀਦ ਜੀ ਦੀ ਬਾਣੀ ਦੀ ਤੁਕ ਹੈ, ਜਿਸ ਵਿਚ ਉਹ ਰੱਬ ਦਾ ਧਿਆਨ ਫ਼ਕੀਰਾਂ ਦੀ ਕਸ਼ਟਾਂ ਭਰੀ ਜ਼ਿੰਦਗੀ ਵੱਲ ਖਿੱਚਦੇ ਹਨ। ਇਸੇ ਤਰ੍ਹਾਂ ਹੀ ਡਾ. ਦਲੀਪ ਕੌਰ ਟਿਵਾਣਾ ਨੇ ਇਸ ਨਾਵਲ ਵਿੱਚ ਸਮੁੱਚੇ ਪਾਠਕ ਵਰਗ ਦਾ ਧਿਆਨ ਸਾਡੇ ਸਮਾਜਿਕ ਤੇ ਸਭਿਆਚਾਰਕ ਪ੍ਰਬੰਧ ਵਿਚ ਇਸਤਰੀ ਦੀ ਕਸ਼ਟਾਂ ਭਰੀ ਬੇਵੱਸ ਜਿੰਦਗੀ ਵੱਲ ਖਿੱਚਿਆ ਹੈ। ਨਾਵਲ ਲੇਖਿਕਾ ਆਪ ਵੀ ਇਕ ਇਸਤਰੀ ਹੋਣ ਦੇ ਨਾਤੇ ਇਸਤਰੀ ਪਾਤਰਾਂ ਨਾਲ ਖੜੀ ਪਾਠਕਾਂ ਨੂੰ ਦੱਸ ਰਹੀ ਹੈ ਕਿ ਸਮਾਜ ਵਿੱਚ ਸਾਡੀ (ਹਮਾਰੀ) ਜਿੰਦਗੀ (ਜੀਵਣਾ) ਕਿੰਨੀ ਮੁਸ਼ਕਿਲ ਹੈ।

ਮੰਜਿਲਾ ਰਾਣੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੋਬਾਇਲ ਨੰ. 6283968628