ਸਾਈਕਲ (ਮਿੰਨੀ ਕਹਾਣੀ)

ਗਰਮੀਆਂ ਦੀਆਂ ਛੁੱਟੀਆਂ ਦਾ ਅੱਜ ਆਖਰੀ ਦਿਨ ਸੀ। ਇਹਨਾਂ ਛੁੱਟੀਆਂ ਵਿੱਚ ਮੱਖਣ ਆਪਣੇ ਨਾਨਕੇ ਚਲਾ ਗਿਆ ਸੀ। ਮੱਖਣ ਦਾ ਮਾਮਾ ਅੱਜ ਹੀ ਉਸਨੂੰ ਵਾਪਸ ਪਿੰਡ ਛੱਡ ਕੇ ਗਿਆ ਸੀ।

ਛੁੱਟੀਆਂ ਵਿੱਚ ਮੱਖਣ ਦੇ ਮਾਮੇ ਨੇ ਉਸਨੂੰ ਸਾਈਕਲ ਚਲਾਉਣਾ ਸਿਖਾ ਦਿੱਤਾ ਸੀ।

“ਬਾਪੂ ਆਪਣਾ ਸੈਂਕਲ ਕਿੱਥੇ ਹੈ ?” ਮੱਖਣ ਨੇ ਆਪਣੇ ਬਾਪੂ ਤੋਂ ਪੁੱਛਿਆ।
“ਕੋਈ ਮੰਗ ਕੇ ਲੈ ਗਿਆ।” ਮੱਖਣ ਦੇ ਬਾਪੂ ਨੇ ਜਵਾਬ ਦਿੱਤਾ।

ਆਥਣ ਹੋ ਗਈ ਪਰ ਕੋਈ ਵੀ ਸਾਈਕਲ ਵਾਪਸ ਮੋੜ ਕੇ ਨਾ ਗਿਆ। ਸਾਰੀ ਰਾਤ ਮੱਖਣ ਨੇ ਜਿਵੇਂ ਜਾਗਦਿਆਂ ਹੀ ਲੰਘਾਈ ਸੀ ਤੇ ਉਹ ਉਸ ਬੰਦੇ ਨੂੰ ਕੋਸਦਾ ਰਿਹਾ ਜਿਹੜਾ ਸਾਈਕਲ ਮੰਗ ਕੇ ਲੈ ਗਿਆ ਸੀ।

ਅਗਲੇ ਦਿਨ ਮੱਖਣ ਬਿਨਾਂ ਰੋਟੀ ਖਾਧਿਆਂ ਸਕੂਲ ਚਲਾ ਗਿਆ।
“ਛੁੱਟੀਆਂ ਚ ਮੈਂ ਮੇਰੇ ਨਾਨਕੇ ਗਿਆ ਸੀ ਤੇ ਮੇਰੇ ਮਾਮੇ ਨੇ ਮੈਨੂੰ ਸੈਂਕਲ ਚਲਾਉਣਾ ਸਿਖਾਤਾ।” ਸਕੂਲ ਚ ਮੱਖਣ ਆਪਣੇ ਜਮਾਤੀਆਂ ਨਾਲ ਸਾਈਕਲ ਦੀਆਂ ਗੱਲਾਂ ਕਰਦਾ ਰਿਹਾ।

ਸਾਰੀ ਛੁੱਟੀ ਹੋਣ ਤੋਂ ਬਾਅਦ ਜਦੋਂ ਮੱਖਣ ਘਰ ਵੜਿਆ ਤਾਂ ਮੱਖਣ ਦਾ ਬਾਪੂ ਅਤੇ ਉਸਦੀ ਮਾਂ ਵਿਹੜੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ। “ਮੈਂ ਕਿਹਾ ਤੂੰ ਫ਼ਿਕਰ ਨਾ ਕਰ ਭਾਗਵਾਨੇ, ਆਪਾਂ ਵਕੀਲ ਵੀ ਕਰਤਾ ਤੇ ਰੱਬ ਸੁੱਖ ਰੱਖੇ ਫੈਸਲਾ ਵੀ ਆਪਣੇ ਹੱਕ ਚ ਈ ਹੋਊ। ਐਂ ਨੀ ਆਪਾਂ ਸ਼ਰੀਕਾਂ ਨੂੰ ਜ਼ਮੀਨ ਚ ਵੜਨ ਦਿੰਦੇ।” ਮੱਖਣ ਦਾ ਪਿਓ ਉੱਚੀ ਉੱਚੀ ਬੋਲ ਰਿਹਾ ਸੀ।

“ਬਾਪੂ ਸਾਇਕਲ ਆ ਗਿਆ?” ਮੱਖਣ ਨੇ ਪੁੱਛਿਆ।
“ਨਹੀਂ ਅਜੇ ਨਹੀਂ ਆਇਆ” ਮੱਖਣ ਦੇ ਬਾਪੂ ਨੇ ਜਵਾਬ ਦਿੱਤਾ।

ਮੱਖਣ ਚੁੱਪ ਚਾਪ ਬੈਠਕ ਵਿੱਚ ਜਾ ਕੇ ਬੈਠ ਗਿਆ ਤੇ ਸਕੂਲ ਦਾ ਕੰਮ ਕਰਨ ਲੱਗ ਪਿਆ।

“ਮੈਂ ਤਾਂ ਕਹਿੰਨੀ ਆਂ ਬਈ ਮੁੰਡੇ ਨੂੰ ਦੱਸ ਈ ਦਿਓ ਕਿ ਵਕੀਲ ਨੂੰ ਪੈਸੇ ਦੇਣ ਵਾਸਤੇ ਆਪਾਂ ਨੇ ਸੈਂਕਲ ਵੇਚਤਾ।” ਮੱਖਣ ਦੀ ਮਾਂ ਵਿਹੜੇ ਵਿੱਚ ਬੈਠੀ ਮੱਖਣ ਦੇ ਪਿਓ ਨੂੰ ਕਹਿ ਰਹੀ ਸੀ। ਮੱਖਣ ਦੀ ਮਾਂ ਦੀ ਕਹੀ ਇਹ ਗੱਲ ਅੰਦਰ ਬੈਠੇ ਮੱਖਣ ਦੇ ਕੰਨਾਂ ਚ ਜਾ ਪਈ। ਉਸਨੂੰ ਕੋਈ ਗੱਲ ਨਾ ਸੁੱਝੀ। ਉਸਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਅਤੇ ਉਹ ਆਪਣੀ ਕਾਪੀ ਤੇ ਸਵਾਲ ਕੱਢਦਾ ਕੱਢਦਾ ਸਾਈਕਲ ਦੀ ਤਸਵੀਰ ਛਾਪਣ ਲੱਗ ਪਿਆ।

ਨਿਰਮਲ ਸਿੰਘ