ਜਿੰਦਗੀ
ਮਨੁੱਖੀ ਸਮਝ ਲਈ ਜ਼ਿੰਦਗੀ ਸਦਾ ਹੀ ਇੱਕ ਬੁਝਾਰਤ ਰਹੀ ਹੈ। ਇਸ ਬੁਝਾਰਤ ਦਾ ਹੱਲ ਲੱਭਣ ਦੀ ਕੋਸ਼ਿਸ਼ ਸਾਰੀ ਉਮਰ ਜਾਰੀ ਰਹਿੰਦੀ ਹੈ। ਹਰੇਕ ਵਿਅਕਤੀ ਦਾ ਆਪਣਾ ਵੱਖਰਾ ਸੰਸਾਰ ਹੈ। ਦੁਖ, ਸੁਖ, ਜ਼ਿੰਮੇਵਾਰੀਆਂ, ਕੋਸ਼ਿਸ਼ਾਂ, ਉਦੇਸ਼ ਆਦਿ ਸਭ ਇੱਕ ਦੂਜੇ ਤੋਂ ਅਲੱਗ ਹਨ। ਜਿੰਦਗੀ ਹਰ ਕਦਮ ਨਵੀਂ ਚੁਣੌਤੀ ਨਾਲ ਜਾਣੂ ਕਰਵਾਉਂਦੀ ਹੈ। ਇਹਨਾਂ ਚੁਣੋਤੀਆਂ ਨਾਲ ਜੂਝਦਿਆਂ ਇਹ ਗੱਲ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ‘ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ।’ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ, ਮਨੁੱਖ ਨਵੇਂ ਨਵੇਂ ਤਜੁਰਬਿਆਂ ਚੋਂ ਲੰਘਦਾ ਹੈ। ਹਰੇਕ ਵਰਤਾਰਾ ਜ਼ਿੰਦਗੀ ਰੂਪੀ ਕਿਤਾਬ ਦੇ ਇੱਕ ਨਵੇਂ ਪਾਠ ਦੀ ਵਿਆਖਿਆ ਕਰਦਾ ਹੈ। ਜਿੰਦਗੀ ਜਿਉਣ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲਾਲਸਾ ਨੇ ਹਰੇਕ ਵਿਅਕਤੀ ਨੂੰ ਭੱਜ ਨੱਠ ਦੇ ਚੱਕਰਵਿਊ ਚ ਫਸਾਇਆ ਹੋਇਆ ਹੈ। ਪਹਿਲਾਂ ਮਿੱਥੇ ਟੀਚਿਆਂ ਦੀ ਪ੍ਰਾਪਤੀ ਹੋ ਜਾਣ ਤੇ ਵੀ ਚਿੱਤ ਟਿਕਾ ਚ ਨਹੀਂ ਆਉਂਦਾ ਸਗੋਂ ਹੋਰ ਵੱਡੇ ਨਿਸ਼ਾਨੇ ਮਿੱਥ ਲੲੇ ਜਾਂਦੇ ਹਨ ਤੇ ਭਣਕਣ ਦਾ ਅਗਲਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਸੱਚ ਹੈ ਕਿ ਰੁਕੀ ਹੋਈ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੁੰਦੀ ਹੈ। ਜਿੰਦਗੀ ਦਾ ਵਹਾਅ ਚਲਦੇ ਪਾਣੀ ਵਾਂਗ ਹੋਣਾ ਚਾਹੀਦਾ ਹੈ। ਪਰ ਪਾਣੀ ਦਾ ਵਹਾਅ ਅਨੁਸ਼ਾਸਿਤ ਅਤੇ ਦਿਸ਼ਾ ਨਿਰਧਾਰਤ ਹੀ ਹੋਵੇ ਤਾਂ ਠੀਕ ਹੈ, ਨਹੀਂ ਤਾਂ ਹੜ੍ਹ ਆਉਣਗੇ, ਤਬਾਹੀ ਹੋਵੇਗੀ।
ਭਟਕਣ ਭਰੀ ਜ਼ਿੰਦਗੀ ਹਮੇਸ਼ਾ ਮਾਨਸਿਕ ਤਣਾਓ ਅਤੇ ਅਸਹਿਜਤਾ ਦੀ ਜਨਮਦਾਤਾ ਰਹੀ ਹੈ। ਵਿਅਕਤੀ ਦੇ ਬੋਲਾਂ ਅਤੇ ਵਰਤਾਰਿਆਂ ਚੋਂ ਅਸਹਿਜਤਾ ਦੀ ਝਲਕ ਸਹਿਜੇ ਹੀ ਦਿਖਾਈ ਦਿੰਦੀ ਹੈ। ਅਸਹਿਜਤਾ ਤੋਂ ਬਚਣ ਲਈ ਮਨੁੱਖ ਦਿਖਾਵਿਆਂ ਦੇ ਰਾਹ ਪੈਂਦਾ ਹੈ। ਆਪਣੇ ਆਲੇ-ਦੁਆਲੇ ਵਸਤੂਆਂ ਦਾ ਜੰਗਲ ਪੈਦਾ ਕਰਦਾ ਹੈ। ਜਿਹੜੀ ਦੌੜ ਪਦਾਰਥ ੲਿਕੱਠੇ ਕਰਨ ਲਈ ਸ਼ੁਰੂ ਕੀਤੀ ਗਈ ਸੀ, ਅੱਜ ਉਹਨਾਂ ਪਦਾਰਥਾਂ ਚੋਂ ਜ਼ਿੰਦਗੀ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਸਾਰਾ ਵਰਤਾਰਾ ਕੀ ਹੈ? ਵਿਗਿਆਨ ਦੀਆਂ ਵੱਡੀਆਂ ਵੱਡੀਆਂ ਖੋਜਾਂ ਕਰਨ ਵਾਲਾ ਮਨੁੱਖ ਖ਼ੁਦ ਕਿੱਥੇ ਗੁਆਚ ਗਿਆ? ਤਕਰੀਰਾਂ ਸੱਚਾਈ ਤੋਂ ਪਰੇ ਕਿਓਂ ਜਾਪਦੀਆਂ ਹਨ? ਕਿਰਿਆਵਾਂ ਸ਼ੱਕੀ ਕਿਓਂ ਹਨ? ਆਦਿ ਅਜਿਹੇ ਅਨੇਕਾਂ ਸਵਾਲ ਹਨ ਜੋ ਜਿੰਦਗੀ ਦੇ ਉਹਨਾਂ ਅਰਥਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜਿਹੜੇ ਭਰਮਾਂ ਭੁਲੇਖਿਆਂ ਅਤੇ ਅਸਹਿਜਤਾ ਦੇ ਧੂੰਏਂ ਨੂੰ ਸਾਫ਼ ਕਰਕੇ ਜਿੰਦਗੀ ਦੇ ਪਾਕ ਅਸਮਾਨ ਦੇ ਦਰਸ਼ਨ ਕਰਵਾਉਣ ।
ਮਨ ਨੂੰ ਸਹਿਜਤਾ ਚ ਲਿਆਉਣਾ ਜ਼ਰੂਰੀ ਹੈ। ਸਹਿਜਤਾ ਚੋਂ ਉਭਰਿਆ ਜੀਵਨ ਸਹਿਜੇ ਸਹਿਜੇ ਜਿੰਦਗੀ ਨੂੰ ਆਨੰਦ ਨਾਲ ਭਰਪੂਰ ਕਰ ਦੇਵੇਗਾ।
ਨਿਰਮਲ ਸਿੰਘ
+91 70090 11933