*ਵਿਸਾਖੀ ਦੇ ਦਿਹਾੜੇ ‘ਤੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਿਆ*

*…ਗੁਰੂ ਮਹਾਰਾਜ ਸਾਨੂੰ ਸੁਮੱਤ ਬਖਸ਼ਣ ਤਾਂ ਜੋ ਆਪਾਂ ਸਭ ਮਿਲ ਕੇ ਪੰਜਾਬ ਨੂੰ ਮਾੜੇ ਹਲਾਤ ਤੋਂ ਬਚਾਅ ਸਕੀਏ: ਭਗਵੰਤ ਮਾਨ*

*…ਪੰਜਾਬ ਸਮੇਤ ਪੂਰੇ ਦੇਸ਼ ਦੇ ਹਲਾਤ ਮੁਗਲ ਕਾਲ ਜਿਹੇ ਬਣੇ ਹੋਏ ਨੇ: ਜਰਨੈਲ ਸਿੰਘ*

*…ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲਵਾਰਸ ਬਣਾ ਕੇ ਛੱਡ ਦਿੱਤਾ*

*…ਦੇਸ਼ ਦੇ ਅੰਤਦਾਤਾ ਦੀ ਆਵਾਜ਼ ਨੂੰ ਸੁਣ ਕੇ ਕੇਂਦਰ ਦੇ ਸ਼ਾਸਕਾਂ ਨੂੰ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਨੇ*

*ਚੰਡੀਗੜ, 13 ਅਪ੍ਰੈਲ* ( ਗੁਰਲਾਲ ਸਿੰਘ)

ਵਿਸਾਖੀ ਦੀ ਪਵਿੱਤਰ ਦਿਹਾੜੇ ‘ਤੇ ਅੱਜ ਅਸੀਂ ਗੁਰੂ ਸਹਿਬਾਨ ਤੋਂ ਅਸ਼ੀਰਵਾਦ ਲੈਣ ਆਏ ਕਿ ਗੁਰੂ ਮਹਾਰਾਜ ਸਾਨੂੰ ਸੁਮੱਤ ਬਖਸ਼ਣ ਤਾਂ ਜੋ ਆਪਾਂ ਸਭ ਮਿਲ ਕੇ ਪੰਜਾਬ ਨੂੰ ਮਾੜੇ ਹਲਾਤ ਤੋਂ ਬਚਾਅ ਸਕੀਏ। ਇਹ ਵਿਚਾਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਦਿੱਲੀ ਦੇ ਵਿਧਾਇਕ ਤੇ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਆਗੂ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਰਜੀਤ ਸਿੰਘ ਸੜੋਆ, ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪਾਰਟੀ ਦੇ ਜ਼ਿਲਾ ਰੋਪੜ ਦੇ ਪ੍ਰਧਾਨ ਦਿਨੇਸ਼ ਚੱਢਾ ਅਤੇ ਮੁਹਾਲੀ ਦੇ ਪ੍ਰਧਾਨ ਪਰਮਿੰਦਰ ਜਸਵਾਲ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਮਾਨਵਤਾ ਦੇ ਇਤਿਹਾਸ ਵਿੱਚ ਸੁਨਿਹਰੇ ਪੰਨੇ ਵਜੋਂ ਸ਼ਾਮਲ ਹੈ, ਜਦੋਂ 1699 ਨੂੰ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬਾਂ, ਮਜ਼ਦੂਰਾਂ ਅਤੇ ਮਜ਼ਲੂਮਾਂ ਨੂੰ ਅੱਤਿਆਚਾਰੀ ਸ਼ਾਸਕਾਂ ਤੋਂ ਬਚਾਉਣ ਲਈ ਖ਼ਾਲਸਾ ਪੰਥ ਸਜਾਇਆ ਸੀ। ਖ਼ਾਲਸਾ ਪੰਥ ਦੇ ਰੂਪ ਵਿੱਚ ਸਜੇ ਸਿੰਘਾਂ ਨੇ ਪੰਜਾਬ ਨੂੰ ਮਹਾਨ ਬਣਾਇਆ ਅਤੇ ਪੂਰੀ ਦੁਨੀਆਂ ਵਿੱਚ ਮਾਨਵਤਾਵਾਦੀ ਵਿਚਾਰਧਾਰਾ ਨੂੰ ਪੇਸ਼ ਕੀਤਾ। ਪੰਜਾਬ ਦੇ ਪ੍ਰਭਾਰੀ ਤੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਅੱਜ ਵੀ ਪੰਜਾਬ ਸਮੇਤ ਪੂਰੇ ਦੇਸ਼ ਦੇ ਹਲਾਤ ਮੁਗਲ ਕਾਲ ਜਿਹੇ ਬਣੇ ਹੋਏ ਹਨ। ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਆਪਣੀ ਆਵਾਜ਼ ਦੇਸ਼ ਦੇ ਸ਼ਾਸਕਾਂ ਨੂੰ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ, ਪਰ ਦੇਸ਼ ਦੇ ਸ਼ਾਸਕ ਰਾਜ ਸੱਤਾ ਦੇ ਨਸ਼ੇ ਵਿੱਚ ਡੁੱਬੇ ਸੁੱਤੇ ਪਏ ਹਨ। ਦੂਜੇ ਪਾਸੇ ਪੰਜਾਬ ਵਿੱਚ ਕਿਸਾਨ ਤੇ ਮਜ਼ਦੂਰਾਂ ਸਮੇਤ ਸਰਕਾਰੀ ਮੁਲਾਜ਼ਮ ਅਤੇ ਬੇਰੋਜ਼ਗਾਰ ਨੌਜਵਾਨ ਕਾਂਗਰਸ ਸਰਕਾਰ ਦੇ ਅੱਤਿਆਚਾਰ ਸਹਿ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਜੇ ਦੇਸ਼ ਦੇ ਸ਼ਾਸਕਾਂ ਦੀ ਨੀਅਤ ਸਾਫ਼ ਹੁੰਦੀ ਤਾਂ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ 350 ਤੋਂ ਜ਼ਿਆਦਾ ਕਿਸਾਨਾਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ। ਦੇਸ਼ ਦੇ ਅੰਤਦਾਤਾ ਦੀ ਆਵਾਜ਼ ਨੂੰ ਸੁਣ ਕੇ ਕੇਂਦਰ ਦੇ ਸ਼ਾਸਕਾਂ ਨੂੰ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਪੰਜਾਬ ‘ਚ ਸਿੱਧੀ ਅਦਾਇਗੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਪੰਜਾਬ ਦਾ ਇੱਕ ਕੇਸ ਵੀ ਕੇਂਦਰ ਸਰਕਾਰ ਜਾਂ ਹਾਈਕੋਰਟ ਤੇ ਸੁਪਰੀਮ ਕੋਰਟ ਵਿੱਚ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਇਸ ਕਾਰਨ ਪੰਜਾਬ ਨੂੰ ਬਹੁਤ ਸਾਰੇ ਮੁੱਦਿਆਂ ‘ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨਾਂ ਕਿਹਾ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਨਾ ਮਿਲਿਆ ਹੋਇਆ ਕਿਉਂ ਜੋ ਉਸ ਨੇ ਕਣਕ ਦੀ ਸਿੱਧੀ ਅਦਾਇਗੀ ਦੇ ਮਾਮਲੇ ‘ਤੇ ਕੇਂਦਰ ਅੱਗੇ ਗੋਡੇ ਟੇਕ  ਦਿੱਤੇ ਨੇ। ਉਧਰ ਦੂਜੇ ਪਾਸੇ ਕੈਪਟਨ ਆੜਤੀਆਂ ਤੇ ਕਿਸਾਨਾਂ ਨਾਲ ਖੜੇ ਹੋਣ ਦਾ ਦਾਅਵਾ ਕਰਦੇ ਹਨ। ਦਿੱਲੀ ਪੁਲਿਸ ਦੇ ਪੰਜਾਬ ਵਿੱਚ ਦਾਖ਼ਲੇ ਦੇ ਮਾਮਲੇ ‘ਤੇ ਭਗਵੰਤ ਮਾਨ ਨੇ ਕਿਹਾ ਕਿੰਨੇ ਦੁੱਖ ਦੀ ਗੱਲ ਹੈ ਦਿੱਲੀ ਦੀ ਪੁਲਿਸ ਪੰਜਾਬ ਵਿੱਚ ਆ ਕੇ ਨੌਜਵਾਨਾਂ ‘ਤੇ ਤਸ਼ੱਦਦ ਕਰਕੇ ਚਲੇ ਜਾਂਦੀ ਹੈ, ਜਦੋਂ ਕਿ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸੀ.ਬੀ.ਆਈ ਨੂੰ ਵੀ ਆਪਣੇ ਰਾਜਾਂ ਵਿੱਚ ਵੜੱਨ ਨਹੀਂ ਦਿੰਦੇ। ਪਤਾ ਨਹੀਂ ਕਿਉਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲਵਾਰਸ ਬਣਾ ਕੇ ਛੱਡ ਦਿੱਤਾ।