-ਕੋਵਿਡ ਦੇ ਬਾਵਜੂਦ ਕਣਕ ਦਾਣਾ-ਦਾਣਾ ਖਰੀਦਿਆ ਜਾਵੇਗਾ, ਮੰਡੀਆਂ ‘ਚ ਲੱਗੇਗਾ ਕੋਰੋਨਾ ਤੋਂ ਬਚਾਅ ਦਾ ਟੀਕਾ-ਆਸ਼ੂ
-ਪੰਜਾਬ ਦੇ 4000 ਖਰੀਦ ਕੇਂਦਰਾਂ ‘ਚ 135 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਤਿਆਰੀ
ਰਾਜਪੁਰਾ, 10 ਅਪ੍ਰੈਲ: (ਗੁਰਲਾਲ ਸਿੰਘ)
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ ‘ਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਦਾਣਾ ਮੰਡੀ ਤੋਂ ਕਰਵਾਈ। ਆੜਤੀਆਂ ਵੱਲੋਂ ਆਪਣੀ ਹੜਤਾਲ ਵਾਪਸ ਲੈਣ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਸ ਵਾਰ ਕੇਂਦਰ ਦੇ ਅੜੀਅਲ ਤੇ ਮਾੜੇ ਰਵੱਈਏ ਕਰਕੇ ਕਣਕ ਦੀ ਖਰੀਦ ਦੇ ਚੁਣੌਤੀ ਭਰੇ ਕਾਰਜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨਿਰਵਿਘਨ ਅਤੇ ਬਿਨ੍ਹਾਂ ਰੁਕਾਵਟ ਮੁਕੰਮਲ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਆਫ਼ ਪੰਜਾਬ ਦੇ ਵਿਜੇ ਕਾਲੜਾ ਵੀ ਮੌਜੂਦ ਸਨ। ਉਨ੍ਹਾਂ ਪਿੰਡ ਨੀਲਪੁਰ ਦੇ ਕਿਸਾਨ ਦਲੀਪ ਕੁਮਾਰ ਦੀ ਕਣਕ ਦੀ ਬੋਲੀ ਕਰਵਾਈ।
ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਮੁਤਾਬਕ ਆੜਤੀਆਂ ਨਾਲ ਸਾਰੇ ਰੇੜਕੇ ਮੁਕਾਕੇ ਵਿੱਚ ਵਿਚਾਲੇ ਦਾ ਰਸਤਾ ਅਖ਼ਤਿਆਰ ਕਰਕੇ ਆੜਤੀਆਂ ਦੀ ਭੂਮਿਕਾ ਨੂੰ ਇਸ ਖਰੀਦ ਪ੍ਰਕ੍ਰਿਆ ‘ਚ ਪਹਿਲਾਂ ਦੀ ਤਰ੍ਹਾਂ ਹੀ ਬਣਾ ਕੇ ਰੱਖਿਆ ਹੈ, ਇਸ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਦੀ ਪੂਰੀ ਤੇ ਵਾਜਬ ਅਦਾਇਗੀ ਹੋਵੇਗੀ, ਉਥੇ ਹੀ ਆੜਤੀਆਂ ਦਾ ਬਣਦਾ ਕਮਿਸ਼ਨ ਤੇ ਮਜ਼ਦੂਰਾਂ ਦੀ ਮਜ਼ਦੂਰੀ ਤੇ ਟਰਾਂਸਪੋਰਟਰਾਂ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ‘ਚ ਸਿੱਧੀ ਜਾਵੇਗੀ।
ਉਨ੍ਹਾਂ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਪਿਛਲੀਆਂ 8 ਫ਼ਸਲਾਂ ਚੁੱਕੀਆਂ ਉਸੇ ਤਰ੍ਹਾਂ ਇਸ ਵਾਰ ਵੀ ਕੋਵਿਡ ਮਹਾਂਮਾਰੀ ਦੀ ਚੁਣੌਤੀ ਦੇ ਬਾਵਜੂਦ ਰਾਜ ਭਰ ‘ਚ ਸਥਾਪਤ ਕੀਤੇ 4000 ‘ਚ 135 ਲੱਖ ਮੀਟ੍ਰਿਕ ਟਨ ਕਣਕ ਦੀ ਫਸਲ ਦੀ ਖਰੀਦ ਦਾ ਟੀਚਾ ਸਰ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਮੰਡੀਆਂ ‘ਚ ਜਿੱਥੇ ਕੋਵਿਡ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਉਥੇ ਹੀ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਆੜਤੀਆਂ ਦੀ ਮੰਗ ਮੁਤਾਬਕ ਪਾਸ ਪ੍ਰਣਾਲੀ ਦਾ ਵਿਕੇਂਦਰੀਕਰਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਜਪਾ ਦੀ ਮਨਸ਼ਾ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬਾਹਰੋਂ ਆਉਣ ਵਾਲੇ ਅਨਾਜ ਨੂੰ ਫੜਨ ਲਈ ਸਾਰੀਆਂ ਖਰੀਦ ਏਜੰਸੀਆਂ, ਮੰਡੀ ਬੋਰਡ ਤੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਲੱਗਿਆ ਹੋਇਆ ਹੈ, ਕਿਊਂਕਿ ਨਗ਼ਦ-ਕ੍ਰੈਡਿਟ ਸੀਮਾ (ਸੀ.ਸੀ.ਐਲ) ਪੰਜਾਬ ਦੇ ਕਿਸਾਨਾਂ ਦੀ ਫ਼ਸਲ ਲਈ ਜਾਰੀ ਹੋਈ ਹੈ।
ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਆਸ਼ੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਲਾਗੂ ਕਰਵਾਉਣ ਲਈ ਜਿਸ ਤਰ੍ਹਾਂ ਆੜਤੀਆਂ ਦੀ ਬਾਂਹ ਮਰੋੜਨ ਦੇ ਕਦਮ ਚੁੱਕੇ ਹਨ, ਉਸ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਡੱਟਕੇ ਆੜਤੀਆਂ ਦਾ ਸਾਥ ਦੇਵੇਗੀ ਜਦੋਂਕਿ ਸੂਬਾ ਸਰਕਾਰ ਨੇ ਇਹ ਬਿਲ ਵਾਪਸ ਕਰਵਾਉਣ ਲਈ ਪਹਿਲਾਂ ਹੀ ਪਹਿਲਕਦਮੀ ਕਰਦਿਆਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੋਇਆ ਹੈ।
ਇਸ ਤੋਂ ਮਗਰੋਂ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਕਾਲੜਾ, ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ, ਅਮਰਜੀਤ ਸਿੰਘ ਰਾਜੇਆਣਾ, ਹਰਬੰਸ ਰੋਸ਼ਾ, ਸੁਖਵਿੰਦਰ ਸੁੱਖੀ, ਸਾਧੂ ਰਾਮ ਭੱਟਮਾਜਰਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਸ੍ਰੀ ਬਲਦੇਵ ਸਿੰਘ ਗੱਦੋਮਾਜਰਾ, ਸੰਯੁਕਤ ਡਾਇਰੈਕਟਰ ਅੰਜੂਮਨ ਭਾਸਕਰ, ਐਸ.ਡੀ.ਐਮ. ਖ਼ਸ਼ਦਿਲ ਸਿੰਘ, ਡੀ.ਐਫ.ਐਸ.ਸੀ. ਹਰਸ਼ਰਨਜੀਤ ਸਿੰਘ ਬਰਾੜ, ਡੀਐਮਓ ਅਜੈਪਾਲ ਸਿੰਘ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਮਾਰਕੀਟ ਕਮੇਟੀ ਸਕੱਤਰ ਜੈ ਵਿਜੈ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਆੜਤੀਏ ਮੌਜੂਦ ਸਨ।
ਫੋਟੋ ਕੈਪਸ਼ਨ- ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਪੰਜਾਬ ‘ਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਰਾਜਪੁਰਾ ਦੀ ਆਨਾਜ਼ ਮੰਡੀ ਤੋਂ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਕਾਲੜਾ ਵੀ ਮੌਜਦ ਸਨ।