ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ
ਪਟਿਆਲਾ 5 ਅਪ੍ਰੈਲ (ਗੁਰਲਾਲ) : ਅੱਜ ਇੱਥੇ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਤੇ ਆਧਾਰਤ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਸ੍ਰੀ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ।
ਜਿਸ ਵਿੱਚ ਐਕਸ਼ਨ ਕਮੇਟੀ ਦੇ ਪ੍ਰਮੁੱਖ ਆਗੂ ਸਰਵ ਸ੍ਰੀ ਗੁਰਵਿੰਦਰ ਸਿੰਘ ਗੋਲਡੀ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਨਸੀਬ ਚੰਦ, ਸਰਬਜੀਤ ਸਿੰਘ ਅਤੇ ਉਤਮ ਸਿੰਘ ਬਾਗੜੀ ਸ਼ਾਮਲ ਸਨ। ਐਕਸ਼ਨ ਕਮੇਟੀ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਕੰਟਰੈਕਟ ਵਰਕਰਾਂ ਦੀਆਂ ਮਾੜੀਆਂ ਸੇਵਾ ਹਾਲਤਾਂ ਅਤੇ ਉਹਨਾਂ ਦੇ ਹੋ ਰਹੇ ਆਰਥਕ ਸ਼ੋਸ਼ਣ ਅਤੇ ਹੋਰ ਮੁਸ਼ਕਲਾਂ ਸਬੰਧੀ ਇੱਕ ਵੱਖਰਾ ਮੰਗ ਪੱਤਰ ਮੈਨੇਜਮੈਂਟ ਨੂੰ ਦਿੱਤਾ ਜਾਵੇ ਅਤੇ ਪਹਿਲ ਦੇ ਆਧਾਰ ਤੇ ਕੰਟਰੈਕਟ ਵਰਕਰਾਂ ਦੇ ਮਸਲੇ ਹੱਲ ਕਰਾਉਣ ਲਈ ਲਗਾਤਾਰ ਹਰ ਤਰ੍ਹਾਂ ਦੇ ਜਤਨ ਕੀਤੇ ਜਾਣਗੇ। ਜੇਕਰ ਮੈਨੇਜਮੈਂਟ ਨੇ ਮਸਲੇ ਹੱਲ ਕਰਨ ਤੋਂ ਆਨਾਕਾਨੀ ਕੀਤੀ ਤਾਂ ਸਖਤ ਐਜੀਟੇਸ਼ਨ ਕੀਤੀ ਜਾਵੇਗੀ। ਮੀਟਿੰਗ ਦੌਰਾਨ ਗੰਭੀਰ ਚਰਚਾ ਕਰਕੇ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਸਬੰਧੀ 17 ਸੂਤਰੀ ਮੰਗ ਪੱਤਰ ਤਿਆਰ ਕੀਤਾ ਗਿਆ। ਮੰਗ ਪੱਤਰ ਵਿੱਚ ਜਿਹੜੀਆਂ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ ਉਹਨਾ ਵਿੱਚ ਕੰਟਰੈਕਟਰ ਨਾਲ ਮਿਤੀ 09—03—2021 ਨੂੰ ਮੈਨੇਜਮੈਂਟ ਵੱਲੋਂ ਕੀਤੇ ਐਗਰੀਮੈਂਟ ਵਿੱਚੋਂ ਵਰਕਰ ਵਿਰੋਧੀ ਅਤੇ ਗੈਰ ਕਾਨੂੰਨੀ ਮੱਦਾ ਖਾਰਜ ਕਰਨਾ, ਕੰਟਰੈਕਟ ਵਰਕਰਾਂ ਦੀਆਂ ਨਵੇਂ ਐਗਰੀਮੈਂਟ ਮੁਤਾਬਿਕ ਸੇਵਾ ਸ਼ਰਤਾਂ ਵਿੱਚ ਕੋਈ ਤਬਦੀਲੀ ਨਾ ਕਰਨਾ, ਪਨਬਸ / ਰੋਡਵੇਜ਼ ਦੀ ਤਰ੍ਹਾਂ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ 2500 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕਰਨਾ, ਤਿੰਨ ਸਾਲ ਸੇਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਪੱਕੇ ਕਰਨਾ ਅਤੇ ਬਾਕੀਆਂ ਨੂੰ ਸਿੱਧੇ ਕੰਟਰੈਕਟ ਵਿੱਚ ਲੈ ਕੇ ਆਉਣਾ, ਓਵਰ ਟਾਈਮ ਵਿੱਚ ਵਾਧਾ ਕਰਨਾ, ਡਿਊਟੀਆਂ ਸਮੇਤ ਹਰ ਤਰ੍ਹਾਂ ਦਾ ਵਿਤਕਰਾ ਬੰਦ ਕਰਨਾ, 8 ਘੰਟੇ ਰੋਜਾਨਾ ਡਿਊਟੀ ਅਤੇ ਹਫਤੇ ਦੇ 48 ਘੰਟੇ ਡਿਊਟੀ ਦੀ ਗੈਰਕਾਨੂੰਨੀ ਸ਼ਰਤ ਖਤਮ ਕਰਨਾ, ਅਡਵਾਂਸ ਬੁਕਰਜ਼ ਨੂੰ ਘੱਟੋ—ਘੱਟ ਤਨਖਾਹ ਜਿੰਨੇ ਪੈਸੇ ਲਾਜਮੀ ਦੇਣੇ, ਡਰਾਈਵਰਾਂ ਤੋਂ ਕਲੇਮ ਕੇਸਾਂ ਵਿੱਚ 50,000 ਰੁਪਏ ਵਸੂਲਣ ਦੀ ਸ਼ਰਤ ਹਟਾਈ ਜਾਵੇ, ਵਰਦੀ ਮਹਿਕਮਾ ਖੁਦ ਦੇਵੇ, ਹਰ ਇੱਕ ਬਸ ਸਟੈਂਡ ਤੇ ਆਰਾਮ ਘਰ ਮੁਹਈਆ ਕਰਵਾਏ ਜਾਣ, ਲੇਬਰ ਕਾਨੂੰਨ ਪੂਰੀ ਤਰ੍ਹਾਂ ਲਾਗੂ ਕਰਨੇ, ਕਰੋਨਾ ਕਾਰਨ ਮੌਤ ਲਈ 50 ਲੱਖ ਰੁਪਏ ਦਾ ਮੁਆਵਜਾ, ਰਿਜਰਵੇਸ਼ਨ ਪਾਲਸੀ ਲਾਗੂ ਕਰਨਾ, ਵਰਕਰਾਂ ਦਾ ਕੱਟਿਆ ਟੀ.ਡੀ.ਐਸ. ਵਾਪਸ ਕਰਾਉਣਾ, ਚੰਡੀਗੜ੍ਹ ਡਿਪੂ ਵਿੱਚ ਯੂ.ਟੀ. ਦੇ ਬਰਾਬਰ ਮਿਨੀਮਮ ਵੇਜ਼ ਦੇਣਾ ਆਦਿ ਸ਼ਾਮਲ ਕੀਤੀਆਂ ਗਈਆਂ ਹਨ। ਜੇਕਰ ਮੰਗਾਂ 10 ਦਿਨਾਂ ਵਿੱਚ ਨਹੀਂ ਮੰਨੀਆਂ ਜਾਂਦੀਆਂ ਤਾਂ ਐਕਸ਼ਨ ਕਮੇਟੀ ਵੱਲੋਂ ਐਜੀਟੇਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ।