ਵਧਦੀ ਮਹਿੰਗਾਈ ਨੇ ਗਰੀਬਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ
ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਦੀ ਮਾਰ ਨੇ ਗਰੀਬੀ ਦਬਾਉਣ ਦੀ ਜਗ੍ਹਾ ਗਰੀਬ ਨੂੰ ਹੀ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਸਮੇਂ ਦੀਆਂ ਸਰਕਾਰਾਂ ਦੀਆਂ ਕਾਰਜਕਾਰੀਆਂ ਕਾਰਨ ਆਮ ਲੋਕਾਂ ਦੀ ਅਰਥਵਿਵਸਥਾ ਤੇ ਕਾਫੀ ਅਸਰ ਪੈ ਰਿਹਾ ਹੈ। ਦਿਨ-ਬ-ਦਿਨ ਵਧ ਰਹੀ ਪੈਟਰੋਲ ਅਤੇ ਸਿਲੰਡਰ ਦੀ ਕੀਮਤ ਨੇ ਗਰੀਬ ਲੋਕਾਂ ਦੇ ਘਰਾਂ ਨੂੰ ਦਬੋਚ ਲਿਆ ਹੈ। ਇੰਝ ਆਖਿਆ ਜਾ ਸਕਦਾ ਹੈ ਕਿ ਵੱਧਦੀ ਮਹਿੰਗਾਈ ਗਰੀਬਾਂ ਦਾ ਜੀਨਾ ਦੁੱਬਰ ਕਰ ਰਹੀ ਹੈ। ਦਿਹਾੜੀ ਕਰਕੇ ਪੂਰੇ ਪਰਿਵਾਰ ਦਾ ਢਿੱਡ ਭਰਨ ਵਾਲਾ ਵਿਅਕਤੀ ਸਿਲੰਡਰ ਭਰਾਉਣ ਦੀ ਕੀਮਤ ਬਹੁਤ ਮੁਸ਼ਕਿਲ ਨਾਲ ਅਦਾ ਕਰੇਗਾ । ਜਿਸ ਕਾਰਨ ਉਸਦੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਰਾਸ਼ਨ-ਪਾਣੀ ‘ਤੇ ਵੀ ਡੂੰਘਾ ਅਸਰ ਪਵੇਗਾ। ਇਹ ਕਿਹੋ ਜਿਹੇ ਦਿਨ ਸਾਨੂੰ ਸਰਕਾਰਾਂ ਵਿਖਾ ਰਹੀਆਂ ਹਨ ? ਗਰੀਬ ਦਿਨੋਂ-ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਹੁਣ ਤੱਕ ਜਿੰਨੀਆਂ ਵੀ ਸਰਕਾਰ ਵੱਲੋਂ ਤਬਦੀਲੀਆਂ ਲਿਆਂਦੀਆਂ ਗਈਆਂ ਹਨ ਉਨ੍ਹਾਂ ਦਾ ਅਸਰ ਕੇਵਲ ਗਰੀਬ ਬੇਸਹਾਰਾ ਲੋਕਾਂ ਤੇ ਹੀ ਪਿਆ ਹੈ, ਚਾਹੇ ਨੋਟਬੰਦੀ ਹੋਵੇ ਚਾਹੇ ਲਾਕਡਾਊਨ। ਕਦੇ ਗਰੀਬਾਂ ਨੂੰ ਗੰਢਿਆਂ ਦੀ ਕੀਮਤ ਮਾਰ ਦਿੰਦੀ ਹੈ ਅਤੇ ਕਦੇ ਸਿਲੰਡਰ ਭਰਨ ਦੀ ਕੀਮਤ ਗਰੀਬਾਂ ਦੇ ਦਿਲ ਨੂੰ ਠੇਸ ਪਹੁੰਚਾਉਂਦੀ ਹੈ। ਆਖਿਰ ਸਰਕਾਰ ਕੀ ਚਾਹੁੰਦੀ ਹੈ ? ਜੇਕਰ ਇਸ ਤਰ੍ਹਾਂ ਹੀ ਸਿਲੰਡਰ ਜਾਂ ਪੈਟਰੋਲ ਦੀਆਂ ਵਧਦੀਆਂ ਕੀਮਤਾਂ ‘ਚ ਵਾਧਾ ਹੁੰਦਾ ਗਿਆ ਤਾਂ ਗਰੀਬੀ ਨਹੀਂ ਸਗੋਂ ਗਰੀਬ ਹੀ ਖਤਮ ਹੋ ਜਾਵੇਗਾ। ਸਰਕਾਰ ਲੋਕਾਂ ਨੂੰ ਪੁਰਾਤਨ ਸਮੇਂ ਵਾਂਗ ਖੇਤਾਂ ਚੋਂ ਲੱਕੜਾਂ ਇਕੱਠੀਆਂ ਕਰਨ ਤੇ ਮਜ਼ਬੂਰ ਕਰ ਰਹੀ ਹੈ। ਇਹ ਕਿਹੋ ਜਿਹੇ ਅੱਛੇ ਦਿਨ ਆ ਗੲੇ
ਇਸ ਤੋਂ ਇਲਾਵਾ ਗੱਲ ਕਰੀਏ ਤਾਂ ਦੂਸਰੇ ਪਾਸੇ ਕਿਸਾਨੀਂ ਸੰਘਰਸ਼ ਨੂੰ ਚੱਲਦਿਆਂ ਕਰੀਬ ਤਿੰਨ ਮਹੀਨੇ ਹੋ ਗਏ ਹਨ ਪ੍ਰੰਤੂ ਕਿਸਾਨ ਅਜੇ ਵੀ ਉੱਥੇ ਹੀ ਸੜਕਾਂ ‘ਤੇ ਰਾਤਾਂ ਕੱਟ ਰਹੇ ਹਨ। ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਕਿਸਾਨਾਂ ਦੇ ਅਸਲੀ ਹਾਲਾਤ ਦਰਸਾਉਂਦੀਆਂ ਹਨ। ਕਦੇ ਕਿਸਾਨ ਮੀਂਹ ਪੈਂਦੇ ਵਿੱਚ ਟਰਾਲੀ ਹੇਠਾਂ ਲੁਕਿਆ ਦਿਖਾਈ ਦਿੰਦਾ ਹੈ ਅਤੇ ਕਦੇ ਠੰਡ ‘ਚ ਕੰਬਦਾ ਨਜ਼ਰ ਆਉਂਦਾ ਹੈ। ਸੋ ਪਿਛਲੇ ਸਾਲ ਤੋਂ ਅਜਿਹੀਆਂ ਆਫ਼ਤਾਂ ਆਉਣਾ ਕਾਰਨ ਪੂਰੇ ਹੀ ਦੇਸ਼ ਵਾਸੀਆਂ ‘ਤੇ ਕਾਫੀ਼ ਮਾੜਾ ਅਸਰ ਪਿਆ ਹੈ। ਅੰਤ ਵਿੱਚ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਗਰੀਬੀ ਨੂੰ ਖਤਮ ਕੀਤਾ ਜਾਵੇ ਨਾ ਕੇ ਗਰੀਬ ਨੂੰ ਅਤੇ ਸੜ੍ਹਕਾਂ ‘ਤੇ ਰਾਤਾਂ ਕੱਟਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਦੇ ਹੋਈ ਖੇਤੀ ਮਾਰੂ ਬਿੱਲਾਂ ਨੂੰ ਰੱਦ ਕੀਤਾ ਜਾਵੇ।
ਸਿਮਰਨਜੀਤ ਕੌਰ
ਸੰਪਰਕ 8195998301