ਸੜਕ ਦਾ ਮੰਦੜਾ ਹਾਲ, ਕਿਸੇ ਨੂੰ ਨਹੀਂ ਇਸ ਦਾ ਖਿਆਲ
ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
ਸ੍ਰੀ ਮੁਕਤਸਰ ਸਾਹਿਬ, 15 ਮਾਰਚ( ਪਰਗਟ ਸਿੰਘ )
ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਹੂੜਿਆਂ ਵਾਲੀ ਵਿਖੇ ਇੱਕ ਪਾਸੇ ਤਾਂ ਪਿੰਡ ਦੀਆਂ ਸਾਰੀਆਂ ਗਲੀਆਂ ਇੰਟਰਲਾਕ ਟਾਈਲਾਂ ਲਗਾ ਕੇ ਪੱਕੀਆਂ ਕੀਤੀਆਂ ਗਈਆਂ ਹਨ ਪ੍ਰੰਤੂ ਜੇਕਰ ਦੂਸਰੇ ਪਾਸੋਂ ਦੇਖੀਏ ਤਾਂ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਾਰਨ ਮੇਨ ਰੋਡ ਤੋਂ ਲਿੰਕ ਹੋ ਕੇ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਦਾ ਕੰਮ ਕਰੀਬ 3 ਸਾਲਾਂ ਤੋਂ ਰੁਕਿਆ ਹੋਇਆ ਹੈ। ਮੁੱਖ ਮਾਰਗ ਤੋਂ ਸ਼ੁਰੂ ਵਾਲੀ ਜਗ੍ਹਾ ਤੇ ਲਾਕ ਟਾਈਲ ਨਹੀਂ ਲਗਾਈ ਗਈ ਜਦਕਿ ਬਾਕੀ ਸੜਕ ਪੱਕੀ ਕੀਤੀ ਹੋਈ ਹੈ। ਜਿਸ ਸਮੇਂ ਕੰਮ ਰੋਕਿਆ ਗਿਆ ਸੀ ਪੁਰਾਣੀ ਪੰਚਾਇਤ ਦਾ ਬਿਆਨ ਸੀ ਕਿ ਥੋੜ੍ਹੇ ਦਿਨਾਂ ਤੱਕ ਨਕਸ਼ੇ ਦੇ ਅਨੁਸਾਰ ਇਸ ਸੜਕ ਨੂੰ ਪੱਕਾ ਕੀਤਾ ਜਾਵੇਗਾ ਪਰ ਅਜੇ ਤੱਕ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੋਇਆ। ਜਦੋਂ ਕਦੇ ਬਾਰਿਸ਼ ਹੁੰਦੀ ਹੈ ਤਾਂ ਇਹ ਕੱਚੀ ਜਗ੍ਹਾ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੜਕ ਦੇ ਵਸਨੀਕਾਂ ਵੱਲੋਂ ਬਹੁਤ ਵਾਰ ਸੜ੍ਹਕ ਪੱਕੀ ਕਰਵਾਉਣ ਦੀ ਮੰਗ ਕੀਤੀ ਗਈ ਹੈ ਪ੍ਰੰਤੂ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਸੜ੍ਹਕ ਦਾ ਕੰਮ ਨੇਪ੍ਹਰੇ ਚੜ੍ਹਾਇਆ ਜਾਵੇ ਅਤੇ ਨਕਸ਼ੇ ਅਨੁਸਾਰ ਸੜ੍ਹਕ ਪੱਕੀ ਕੀਤੀ ਜਾਵੇ ਤਾਂ ਜੋ ਸਮੇਂ ਸਮੇਂ ਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ।