You are currently viewing ਮੁੱਖ ਸਕੱਤਰ ਵਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਾਹਰਾਂ ਨਾਲ ਮੀਟਿੰਗ

ਮੁੱਖ ਸਕੱਤਰ ਵਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਾਹਰਾਂ ਨਾਲ ਮੀਟਿੰਗ

ਮੁੱਖ ਸਕੱਤਰ ਵਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਾਹਰਾਂ ਨਾਲ ਮੀਟਿੰਗ
ਚੰਡੀਗੜ, 7 ਮਾਰਚ:(ਗੁਰਲਾਲ ਸਿੰੰਘ)
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਸਿਹਤ, ਮੈਡੀਕਲ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਹੈਲਥ ਰਿਸਪਾਂਸ ਐਂਡ ਪ੍ਰੋਕਿਉਰਮੈਂਟ ਕਮੇਟੀ ਦੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਹਨਾਂ ਨੇ ਮਾਹਰਾਂ ਨਾਲ ਦੂਜੀ ਲਹਿਰ ਦੌਰਾਨ ਮਹਾਂਮਾਰੀ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸੰਭਾਵਤ ਕਦਮਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਇਸ ਸਬੰਧੀ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਡਾ: ਮਨਦੀਪ ਭੰਡਾਰੀ, ਜੋ ਹਾਲ ਹੀ ਵਿੱਚ ਕੇਂਦਰੀ ਟੀਮ ਦੇ ਮੁਖੀ ਵਜੋਂ ਪੰਜਾਬ ਦਾ ਦੌਰਾ ਕਰਕੇ ਗਏ ਸਨ, ਅਤੇ ਪੀ.ਜੀ.ਆਈ.ਐਮ.ਈ.ਆਰ. ਦੀ ਡਾਕਟਰ ਲਕਸ਼ਮੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਦਾ ਫੈਲਾਅ ਸਿਰਫ ਸਕੂਲਾਂ ਤੱਕ ਹੀ ਸੀਮਤ ਨਹੀਂ ਹੈ ਕਿਉਂਕਿ ਹੋਰ ਥਾਵਾਂ ਵੀ ਪ੍ਰਭਾਵਤ ਹੋਈਆਂ ਹਨ ਅਤੇ ਸੂਬੇ ਵਿੱਚ ਵਧ ਰਹੇ ਮਾਮਲਿਆਂ ਦਾ ਮੁਢਲਾ ਕਾਰਨ ਲੋਕਾਂ ਵਲੋਂ ਸਿਹਤ ਸਾਵਧਾਨੀਆਂ ਵਿੱਚ ਕੀਤੀ ਜਾ ਰਹੀ ਕੁਤਾਹੀ ਹੈ। ਲੋਕ ਸੁਰੱਖਿਆ ਪ੍ਰੋਟੋਕੋਲ ਦੀ ਸੁਹਿਰਦਤਾ ਨਾਲ ਪਾਲਣਾ ਨਹੀਂ ਕਰ ਰਹੇ।

ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ .ਤਿਵਾੜੀ ਨੇ ਦੱਸਿਆ ਕਿ ਮੈਡੀਕਲ ਕਾਲਜਾਂ ਵਿੱਚ ਹਰ 15 ਦਿਨਾਂ ਵਿੱਚ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ ਅਤੇ ਹਾਲੇ ਤੱਕ ਕਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉਹਨਾਂ ਅੱਗੇ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੀਆਂ ਸਰਕਾਰੀ ਲੈਬਾਂ ਆਰ.ਟੀ.ਪੀ.ਸੀ.ਆਰ. ਟੈਸਟਿੰਗ ਲਈ ਕਾਰਜਸ਼ੀਲ ਹਨ ਅਤੇ ਇੱਥੇ ਪ੍ਰਤੀ ਦਿਨ 30000 ਤੋਂ ਵੱਧ  ਟੈਸਟਾਂ ਦੀ ਸਮਰੱਥਾ ਹੈ।

ਮੁੱਖ ਸਕੱਤਰ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਹਾਂਮਾਰੀ ਦੇ ਮੁੜ ਉਭਾਰ ਨਾਲ ਨਜਿੱਠਣ ਲਈ ਇਲਾਜ ਸਹੂਲਤਾਂ ਨੂੰ ਮਜਬੂਤ ਕੀਤਾ ਜਾਵੇ ਅਤੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਅਧਾਰ ’ਤੇ ਭਰੀਆਂ ਜਾਣ।

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਲੋੜ ਪੈਣ ’ਤੇ ਆਉਣ ਵਾਲੇ ਦਿਨਾਂ ਵਿੱਚ ਰੈਸਟੋਰੈਂਟਾਂ, ਮਾਲਾਂ ਅਤੇ ਸਿਨੇਮਾ ਘਰਾਂ ਵਿੱਚ ਵਿਅਕੀਤਆਂ ਦੀ ਗਿਣਤੀ ਨੂੰ ਸੀਮਤ ਕਰਨ ਜਾਂ ਬੰਦ ਕਰਨ ਦਾ ਫੈਸਲਾ ਲਿਆ ਜਾਵੇਗਾ।

ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਜ਼ਿਲਾ, ਸਬ ਡਵੀਜਨਲ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ  ਦੇ ਪੱਧਰ ’ਤੇ ਟੀਕਾਕਰਨ ਵਾਲੀਆਂ ਥਾਵਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਯੋਗ ਲੋਕਾਂ  ਨੂੰ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਸਕੇ।