You are currently viewing ਆਡੀਓ-ਵਿਜ਼ੂਅਲ ਤਕਨੀਕ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਔਖੀਆਂ ਧਾਰਨਾਵਾਂ ਸਮਝਾਉਣ ਲਈ ਹੋ ਰਹੀ ਹੈ ਸਹਾਈ

ਆਡੀਓ-ਵਿਜ਼ੂਅਲ ਤਕਨੀਕ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਔਖੀਆਂ ਧਾਰਨਾਵਾਂ ਸਮਝਾਉਣ ਲਈ ਹੋ ਰਹੀ ਹੈ ਸਹਾਈ

ਆਡੀਓ-ਵਿਜ਼ੂਅਲ ਤਕਨੀਕ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਔਖੀਆਂ ਧਾਰਨਾਵਾਂ ਸਮਝਾਉਣ ਲਈ ਹੋ ਰਹੀ ਹੈ ਸਹਾਈ: ਵਿਜੈ ਇੰਦਰ ਸਿੰਗਲਾ

6180 ਸਕੂਲਾਂ ਨੂੰ ਐੱਲ.ਈ.ਡੀਜ਼ ਖਰੀਦਣ ਲਈ 6.8 ਕਰੋੜ ਰੁਪਏ ਕੀਤੇ ਜਾਰੀ

ਬਠਿੰਡਾ, 26 ਫਰਵਰੀ (ਜਗਮੀਤ ਚਹਿਲ)

ਆਧੁਨਿਕ ਤਕਨੀਕ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਾਧਾਰਨ ਕਮਰਿਆਂ ਨੂੰ ਸਮਾਰਟ ਕਲਾਸ ਰੂਮ ਬਣਾਇਆ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ।

ਸ੍ਰੀ ਵਿਜੈਇੰਦਰ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ 6180 ਸਰਕਾਰੀ ਸਕੂਲਾਂ ਨੂੰ ਕਲਾਸ ਰੂਮਜ਼ ਲਈ ਐਲ.ਈ.ਡੀ. ਸਕਰੀਨਜ਼ ਖਰੀਦਣ ਲਈ 6 ਕਰੋੜ 79 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਉਨਾਂ ਕਿਹਾ ਕਿ ਇਨਾਂ ’ਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਕੂਲ ਸ਼ਾਮਲ ਹਨ ਅਤੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਸਕਰੀਨਜ਼ ਖਰੀਦਣ ਲਈ ਫੰਡ ਜਾਰੀ ਕਰਨ ਦੇ ਨਾਲ-ਨਾਲ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਹੋਰ ਦੱਸਿਆ ਕਿ ਪਾਠਕ੍ਰਮ ਦਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਈ-ਕੰਟੈਂਟ ਆਡੀਓ-ਵਿਜ਼ੂਅਲ ਤਕਨੀਕ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਖਾ ਕੇ ਚੰਗੀ ਤਰਾਂ ਦੁਹਰਾਈ ਕਰਵਾਉਣ ਅਤੇ ਔਖੀਆਂ ਧਾਰਨਾਵਾਂ ਸਮਝਾਉਣ ਲਈ ਸਹਾਈ ਸਿੱਧ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਇਨਾਂ ਸੁਧਾਰਾਂ ਸਦਕਾ ਸਕੂਲ ਸਿੱਖਿਆ ਦੇ ਖੇਤਰ ਵਿਚ ਮਿਆਰੀ ਸੁਧਾਰ ਹੋਇਆ ਹੈ ਜਿਸ ਸਦਕਾ ਜਿੱਥੇ ਨਤੀਜਿਆਂ ਦੇ ਮਾਮਲੇ ਵਿਚ ਸਰਕਾਰੀ ਸਕੂਲਾਂ ਨੇ ਪ੍ਰਾਇਵੇਟ ਸਕੂਲਾਂ ਨੂੰ ਪਿੱਛੇ ਛੱਡਿਆ ਹੈ, ਉੱਥੇ ਹੀ ਮਾਪਿਆਂ ਦਾ ਵਿਸ਼ਵਾਸ ਵੀ ਮੁੜ ਸਰਕਾਰੀ ਸਕੂਲਾਂ ’ਚ ਬੱਝਿਆ ਹੈ।

ਸਿੱਖਿਆ ਵਿਭਾਗ ਵੱਲੋਂ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਹਦਾਇਤਾਂ ਅਨੁਸਾਰ ਐੱਲ.ਈ.ਡੀ. ਸਕਰੀਨਜ਼ ਲਈ ਪ੍ਰਤੀ ਸਕੂਲ 11 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ। ਐੱਲ.ਈ.ਡੀ. ਸਕਰੀਨਜ਼ ਖਰੀਦਣ ਲਈ ਸਕੂਲ ਪੱਧਰ ’ਤੇ ਸਕੂਲ ਮੈਨੇਜਮੈਂਟ ਕਮੇਟੀ ਮਤਾ ਪਾ ਕੇ ਨੱਥੀ ਸਪੈਸੀਫਿਕੇਸ਼ਨਾਂ ਅਤੇ ਵਿੱਤੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਡਿਜੀਟਲ ਸਕਰੀਨਜ਼ ਖਰੀਦਣ ਉਪਰੰਤ ਇਸ ਦੀ ਸੁਯੋਗ ਵਰਤੋਂ ਲਈ ਸਕਰੀਨ ਢੁੱਕਵੀਂ ਥਾਂ ’ਤੇ ਲਾਈ ਜਾਵੇ ਅਤੇ ਇਸਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ।