ਜ਼ਿਲ੍ਹਾ ਪੱਧਰੀ ਕਾਨਫਰੰਸ ਦੀ ਸਫ਼ਲਤਾ ਲਈ ਥਾਂਦੇਵਾਲਾ ਵਿਖੇ ਖੇਤ ਮਜ਼ਦੂਰਾਂ ਵੱਲੋਂ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 13 ਫਰਵਰੀ ( ਪਰਗਟ ਸਿੰਘ ) ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 19 ਫਰਵਰੀ ਨੂੰ ਲੰਬੀ ‘ਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ, ਦਲਿਤਾਂ ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ਉੱਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਦੀ ਸਫ਼ਲਤਾ ਲਈ ਪਿੰਡ ਥਾਂਦੇਵਾਲਾ ਵਿੱਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਅਤੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ । ਜਿਸ ਲਈ ਨਿਸ਼ਾ ਕੌਰ ਪ੍ਰਧਾਨ ,ਸਕੱਤਰ ਜਸਵਿੰਦਰ ਕੌਰ, ਅਤੇ ਰਾਜਾ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ,ਜ਼ਿਲ੍ਹਾ ਕਮੇਟੀ ਮੈਂਬਰ ਬਾਜ ਸਿੰਘ ਭੁੱਟੀਵਾਲਾ ਅਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਮੋਦੀ ਹਕੂਮਤ ਵੱਲੋਂ ਵਿੱਢੇ ਆਰਥਿਕ ਤੇ ਜਾਬਰ ਹੱਲੇ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਵਿਰੁੱਧ ਚਲਦੇ ਸੰਘਰਸ਼ ਨੂੰ ਮੋਦੀ ਹਕੂਮਤ ਫ਼ਿਰਕੂ ਚਾਲਾਂ ਚੱਲ ਕੇ ਅਤੇ ਤਿੱਖਾ ਜਬਰ ਕਰਕੇ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਸ ਤੋਂ ਇਲਾਵਾ ਮੋਦੀ ਸਰਕਾਰ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਮਜ਼ਦੂਰਾਂ ਤੇ ਅਣਮਨੁੱਖੀ ਜਬਰ ਜ਼ੁਲਮ ਕੀਤਾ ਜਾ ਰਿਹਾ ਹੈ। ਔਰਤਾਂ ਦੀਆਂ ਬੇਪਤੀਆਂ ਤੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ, ਉਨ੍ਹਾਂ ਕੇਂਦਰੀ ਬਜਟ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੇਂ ਬਜਟ ਵਿੱਚ ਮਨਰੇਗਾ ਸਿਹਤ ਸਹੂਲਤਾਂ ਅਤੇ ਵਿੱਦਿਆ ਆਦਿ ਲਈ ਪਹਿਲਾਂ ਨਾਲੋਂ ਵੀ ਘੱਟ ਕੀਤੀ ਰਾਸ਼ੀ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰੇਗੀ । ਉਨ੍ਹਾਂ ਖੇਤ ਮਜ਼ਦੂਰਾਂ ਨੂੰ ਭਾਜਪਾ ਹਕੂਮਤ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਅਤੇ ਜਾਬਰ ਹੱਲੇ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮਜ਼ਦੂਰਾਂ ਦੇ ਆਗੂ ਨੌਦੀਪ ਕੌਰ ਗੰਧੜ ਸਮੇਤ ਦਿੱਲੀ ਵਿਚ ਫੜੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਸਮੇਂ ਕਮੇਟੀ ਮੈਂਬਰ ਜਗਸੀਰ ਸਿੰਘ, ਮਿਰਜਾ ਸਿੰਘ, ਗੁਰਦੇਵ ਸਿੰਘ, ਸੂਬਾ ਸਿੰਘ ਚਰਨਜੀਤ ਕੌਰ, ਰਾਜਬੀਰ ਕੌਰ, ਸੰਦੀਪ ਕੌਰ ,ਕੁਲਵਿੰਦਰ ਕੌਰ ਆਦਿ ਇਕਾਈ ਆਗੂ ਹਾਜ਼ਰ ਸਨ।