ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਵਾਉਣ ਨਾਲ ਮਾਹੌਲ ਸਾਰਥਕ ਬਣਿਆ

ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਵਾਉਣ ਨਾਲ ਮਾਹੌਲ ਸਾਰਥਕ ਬਣਿਆ

ਅਗਲੇ ਕੁਝ ਦਿਨਾਂ ਵਿੱਚ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਆਉਣ ਦੇ ਆਸਾਰ

ਚੰਡੀਗੜ, 10 ਫਰਵਰੀ:(ਗੁਰਲਾਲ ਸਿੰਘ)

ਸਿਹਤ ਵਿਭਾਗ ਦੇ ਅਧਿਕਾਰੀਆਂ ਲਈ ਟੀਕੇ ਦੀ ਪਹਿਲੀ ਖੁਰਾਕ ਲਗਵਾਉਣ ਵਾਸਤੇ 19 ਫਰਵਰੀ ਨੂੰ ਆਖ਼ਰੀ ਤਾਰੀਖ਼ ਮਿੱਥੇ ਜਾਣ ਨਾਲ ਹੀ ਵੱਡੀ ਗਿਣਤੀ ਵਿੱਚ ਕਰਮਚਾਰੀ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ।

ਹਾਲ ਹੀ ਵਿੱਚ ਪੰਜਾਬ ਸਰਕਾਰ ਦੁਆਰਾ ਫੈਸਲਾ ਲਿਆ ਗਿਆ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਇਸ ਮਹੀਨੇ ਦੀ 19 ਤਾਰੀਖ ਤੱਕ ਹੀ ਮੁਹੱਈਆ ਕਰਵਾਈ ਜਾਏਗੀ। ਮੁੱਖ ਸਕੱਤਰ, ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਕਈ ਸੀਨੀਅਰ ਪ੍ਰਸ਼ਾਸਕੀ ਅਤੇ ਸਿਹਤ ਅਧਿਕਾਰੀਆਂ  ਟੀਕਾਕਰਨ ਕਰਵਾ ਰਹੇ ਹਨ। ਪੀ.ਜੀ.ਆਈ, ਚੰਡੀਗੜ ਦੇ ਸਾਬਕਾ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਸਲਾਹਕਾਰ ਪ੍ਰੋ. ਕੇ.ਕੇ. ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਸ੍ਰੀ ਡੀ.ਕੇ. ਤਿਵਾੜੀ,  ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਉਪ ਕੁਲਪਤੀ ਪ੍ਰੋ. ਰਾਜ ਬਹਾਦੁਰ,  ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਡੀ.ਕੇ. ਸਿੰਘ,  ਡਾਇਰੈਕਟਰ ਈ.ਐਸ.ਆਈ ਡਾ. ਓਮ ਪ੍ਰਕਾਸ਼ ਗੋਜਰਾ,  ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ, ਡਾ. ਅਰੀਤ ਕੌਰ, ਕੋਵਿਡ-19 ਸਬੰਧੀ ਪੰਜਾਬ ਦੇ ਨੋਡਲ ਅਧਿਕਾਰੀ  ਡਾ ਰਾਜੇਸ਼ ਭਾਸਕਰ, ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਡਾ.ਅਵਨੀਤ ਕੌਰ,     ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ. ਮਨਪ੍ਰੀਤ ਛਤਵਾਲ,  ਯੂਨਾਇਟਿਡ ਹੈਲਥ ਡਿਵੈਪਮੈਂਟ ਪੋ੍ਰਗਰਾਮ ਦੇ ਸਲਾਹਕਾਰ ਡਾ. ਮਨੀਸ਼ਾ, ਉਨਾਂ ਸਿਹਤ ਪੇਸ਼ੇਵਰਾਂ ਵਿੱਚੋਂ ਹਨ ਜਿਨਾਂ ਨੂੰ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ।ਇਸ ਦੇ ਨਾਲ ਹੀ 13 ਡਿਪਟੀ ਕਮਿਸ਼ਨਰਾਂ, 19 ਸੀਨੀਅਰ ਸੁਪਰਡੈਂਟ ਆਫ਼ ਪੁਲਿਸ, 19 ਸਿਵਲ ਸਰਜਨਾਂ ਅਤੇ ਸਬੰਧਤ ਜ਼ਿਲਾ ਪ੍ਰਸ਼ਾਸਨ ਦੇ ਕਈ ਹੋਰ ਪ੍ਰਮੁੱਖ ਸੀਨੀਅਰ ਅਧਿਕਾਰੀਆਂ ਨੂੰ ਵੀ ਟੀਕਾ ਲਗਾਇਆ ਗਿਆ ਹੈ। ਸੂਬੇ ਵਿੱਚ ਹੁਣ ਤੱਕ 71,121 ਹੈਲਥ ਕੇਅਰ ਵਰਕਰ ਅਤੇ 17,350 ਫਰੰਟ ਲਾਈਨ ਵਰਕਰ ਟੀਕਾ ਲਗਵਾ ਚੁੱਕੇ ਹਨ।

ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਕਿ ਵੱਡੀ ਗਿਣਤੀ ਵਿੱਚ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਸੰਭਾਲ ਕਰਮਚਾਰੀਆਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਦੇ ਸ਼ੰਕੇ ਅਤੇ ਗ਼ਲਤਫ਼ਹਿਮੀਆਂ ਦੂਰ ਹੋਣਗੀਆਂ ਅਤੇ ਟੀਕਾਕਰਨ ਮੁਹਿੰਮ ਨੂੰ ਹੁਲਾਰਾ ਮਿਲੇਗਾ।ਉਨਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੇ ਫਰੰਟ ਲਾਈਨ ਵਰਕਰ, ਜਿਨਾਂ ਦੇ ਦਫ਼ਤਰ ਚੰਡੀਗੜ ਵਿਖੇ ਸਥਿਤ ਹਨ, ਦੇ ਅੰਕੜੇ ਜਲਦ ਤੋਂ ਜਲਦ ਭੇਜ ਦਿੱਤੇ ਜਾਣਗੇ ਤਾਂ ਜੋ ਸੂਬਾ ਸਰਕਾਰ ਵੱਲੋਂ ਤੇਜ਼ੀ ਨਾਲ ਉਨਾਂ ਦਾ ਟੀਕਾਕਰਨ ਕੀਤਾ ਜਾ ਸਕੇ।

ਉਨਾਂ ਕਿਹਾ ਟੀਕਾਕਰਨ ਪ੍ਰਤੀ ਸੀਨੀਅਰ ਅਧਿਕਾਰੀਆਂ ਦੁਆਰਾ ਵਿਖਾਏ ਗਏ ਭਰੋਸੇ ਸਦਕਾ ਮਾਹੌਲ ਸਾਰਥਕ ਬਣਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਟੀਕਾਕਰਨ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਆਵੇਗੀ।

———-