ਸਪੋਰਟਸ ਵਿੰਗ ਸਕੂਲਾਂ ’ਚ ਦਾਖਲੇ ਲਈ ਚੋਣ ਟਰਾਇਲ 9 ਤੇ 10 ਫਰਵਰੀ ਨੂੰ-ਡਿਪਟੀ ਕਮਿਸ਼ਨਰ
ਸ਼ੈਸ਼ਨ 2021-22 ਲਈ ਹੋਣਗੇ ਟਰਾਇਲ
ਬਠਿੰਡਾ, 6 ਫਰਵਰੀ(ਜਗਮੀਤ ਚਹਿਲ)
ਖੇਡ ਵਿਭਾਗ ਵੱਲੋਂ ਸਾਲ 2021-22 ਦੇ ਸ਼ੈਸ਼ਨ ਲਈ ਸਪੋਰਟਰ ਵਿੰਗ (ਡੇ ਸਕਾਲਰ ਅਤੇ ਰੈਜੀਡੈਂਸ਼ਲ) ਸਕੂਲਾਂ ’ਚ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਟਰਾਇਲ ਦੌਰਾਨ ਚੁਣੇ ਗਏ ਖਿਡਾਰੀ ਤੇ ਖਿਡਾਰਨਾਂ ਨੂੰ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਨਿਯਮਾਂ ਅਨੁਸਾਰ ਖੁਰਾਕ, ਰਿਫਰੈਸ਼ਮੈਂਟ ਤੇ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਖੇ ਹੋਣ ਵਾਲੇ ਇਹ ਟਰਾਇਲ 9 ਫਰਵਰੀ ਤੋਂ ਸ਼ੁਰੂ ਹੋਣਗੇ ਜੋ ਕਿ 10 ਫਰਵਰੀ ਤੱਕ ਚੱਲਣਗੇ। ਅੰਡਰ 14 ਲਈ ਖਿਡਾਰੀ ਤੇ ਖਿਡਾਰਨ ਦੀ ਉਮਰ 1 ਜਨਵਰੀ 2008, ਅੰਡਰ 17 ਲਈ 1 ਜਨਵਰੀ 2005 ਅਤੇ ਅੰਡਰ-19 ਲਈ 1 ਜਨਵਰੀ 2003 ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ। ਚੋਣ ਟਰਾਇਲ ਦੇਣ ਵਾਲੇ ਖਿਡਾਰੀ ਸਰੀਰਕ ਤੇ ਮੈਡੀਕਲ ਤੌਰ ’ਤੇ ਤੰਦਰੁਸਤ ਹੋਣੇ ਲਾਜ਼ਮੀ ਹਨ।
ਚੋਣ ਟਰਾਇਲਾਂ ਦੇ ਸਥਾਨ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਫੁੱਟਬਾਲ, ਬਾਕਸਿੰਗ, ਵਾਲੀਵਾਲ, ਐਥਲੈਟਿਕਸ, ਜੂਡੋ, ਵੇਟਲਿਫਟਿੰਗ, ਪਾਵਰਲਿਫਟਿੰਗ, ਕਬੱਡੀ (ਨੈਸ਼ਨਲ ਸਟਾਇਲ) ਅਤੇ ਕੁਸ਼ਤੀ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਤੇ ਬਾਸਕਟਬਾਲ ਦੇ ਟਰਾਇਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ, ਹਾਕੀ ਦੇ ਟਰਾਇਲ ਹਾਕੀ ਟਰਫ਼ ਸਟੇਡੀਅਮ ਬਠਿੰਡਾ ਵਿਖੇ ਤੇ ਜਿੰਮਨਾਸਟਿਕ ਦੇ ਟਰਾਇਲ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਕਰਵਾਏ ਜਾਣਗੇ।
ਜ਼ਿਲਾ ਖੇਡ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਇਨਾਂ ਚੋਣ ਟਰਾਇਲਾਂ ਲਈ ਖਿਡਾਰੀ ਜ਼ਿਲਾ ਬਠਿੰਡਾ ਨਾਲ ਸਬੰਧ ਰੱਖਦਾ ਹੋਵੇ ਅਤੇ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਚੋਣ ਟਰਾਇਲ ਦੇਣ ਵਾਲਾ ਖਿਡਾਰੀ ਵੱਲੋਂ ਜ਼ਿਲਾ ਪੱਧਰ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ’ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਜ਼ਿਲਾ ਖੇਡ ਅਫ਼ਸਰ ਨੇ ਹੋਰ ਦੱਸਿਆ ਕਿ ਯੋਗ ਖਿਡਾਰੀ ੳਪਰੋਕਤ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ’ਤੇ ਸਵੇਰੇ 10 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ। ਇਨਾਂ ਵਿੰਗਾਂ ਲਈ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ’ਤੇ ਜਾਂ ਇਸ ਤੋਂ ਪਹਿਲਾਂ ਦਫ਼ਤਰ ਜ਼ਿਲਾ ਖੇਡ ਅਫ਼ਸਰ ਬਠਿੰਡਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਅਧਾਰ ਕਾਰਡ, ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ. ਕੋਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ਼ ਫੋਟੋਗ੍ਰਾਫ਼ ਲੈ ਕੇ ਆਉਣਗੇ। ਚੋਣ ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ. ਜਾਂ ਡੀ.ਏ. ਨਹੀਂ ਦਿੱਤਾ ਜਾਵੇਗਾ।