ਕਾਂਗੜ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਈ ਹੱਲ
18.17 ਲੱਖ ਲਾਗਤ ਨਾਲ ਘਰ-ਘਰ ਤੱਕ ਮਿਲੇਗਾ ਸਾਫ ਪਾਣੀ
ਬਠਿੰਡਾ, 4 ਫਰਵਰੀ (ਜਗਮੀਤ ਚਹਿਲ)
ਕਾਂਗੜ ਦੇ ਜਲ ਘਰ ਤੋਂ ਪਿੰਡ ਵਿੱਚ ਨਵੀਆਂ ਜ਼ਮੀਨਦੋਜ ਪਾਈਪਾਂ ਪਾਉਣ ਨਾਲ ਇਸ ਪਿੰਡ ਦੇ ਕਰੀਬ 2100 ਵਾਸੀਆਂ ਨੂੰ ਘਰ-ਘਰ ਤੱਕ ਪੀਣ ਲਈ ਸਾਫ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਹਰ ਘਰ ਪਾਣੀ ਹਰ ਘਰ ਸਫ਼ਾਈ’ ਤਹਿਤ ਇਸ ਜਲ ਘਰ ਦੇ ਪੁਨਰ ਨਿਰਮਾਣ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 18.17 ਲੱਖ ਦੀ ਲਾਗਤ ਨਾਲ ਪਿੰਡ ਵਿੱਚ ਨਵੀਆਂ ਜ਼ਮੀਨਦੋਜ ਪਾਈਪਾਂ ਪਾਈਆ ਗਈਆਂ ਹਨ। ਇਹ ਜਾਣਕਾਰੀ ਪਿੰਡ ਦੇ ਸਰਪੰਚ ਸ.ਗੁਰਪ੍ਰਤਾਪ ਸਿੰਘ ਨੇ ਦਿੱਤੀ।
ਪਿੰਡ ਦੇ ਸਰਪੰਚ ਨੇ ਹੋਰ ਦੱਸਿਆ ਕਿ ਪਿੰਡ ਵਿੱਚ ਭਾਵੇਂ ਸਾਲ 2013-14 ਵਿੱਚ 104 ਲੱਖ ਦੀ ਲਾਗਤ ਨਾਲ ਇੱਕ ਵੱਖਰਾ ਜਲ ਘਰ ਬਣਾਇਆ ਗਿਆ ਸੀ। ਪਰ ਲਗਭਗ 2 ਕੁ ਸਾਲ ਪਹਿਲਾਂ ਇਸ ਜਲ-ਘਰ ਲਈ ਕੱਸੀ ਤੋਂ ਲਿਆ ਜਾ ਰਿਹਾ ਰਾਅ ਵਾਟਰ ਦੂਸ਼ਿਤ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਇਹ ਪਾਣੀ ਪੀਣ ਤੋਂ ਇਨਕਾਰ ਕਰ ਦੇਣ ਉਪਰੰਤ ਇਸ ਜਲ ਘਰ ਨਾਨ-ਫੰਕਸ਼ਨਲ ਕਰ ਦਿੱਤਾ ਗਿਆ ਸੀ। ਪਿੰਡ ਵਾਸੀਆਂ ਵੱਲੋਂ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਕੋਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ।
ਸਰਪੰਚ ਗੁਰਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਪਿੰਡ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੁਣ ਹੱਲ ਹੋ ਗਈ ਹੈੇ। ਇਸ ਤੋਂ ਇਲਾਵਾ ਪਿੰਡ ਤੋਂ ਕਰੀਬ ਪੌਣਾ ਕਿਲੋਮੀਟਰ ਦੂਰ ਵਸੀ ਬਲੌਰ ਬਸਤੀ ਵਿੱਚ ਵੀ ਪੀਣ ਲਈ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਅਸਟੀਮੈਂਟ ਪਾਸ ਹੋ ਚੁੱਕਾ ਹੈ। ਜਿਸ ਦਾ ਜਲਦ ਹੀ ਕੰਮ ਸ਼ੁਰੂ ਕਰਵਾ ਕੇ ਇਸ ਬਸਤੀ ਵਿੱਚ ਰਹਿੰਦੇ ਕਰੀਬ 15 ਪਰਿਵਾਰਾਂ ਨੂੰ ਵੀ ਜਲਦ ਹੀ ਪੀਣ ਲਈ ਸਾਫ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਇਸੇ ਪਿੰਡ ਦੀ ਬਸਤੀ ਬਾਬਾ ਮਾਹਰ ਮਿੱਠਾ ਦੇ ਵਸਨੀਕ ਵੀ ਪੀਣ ਲਈ ਸਾਫ ਪਾਣੀ ਮਿਲਣ ਕਾਰਨ ਖੁਸ਼ ਹਨ। ਇਸ ਬਸਤੀ ਦੇ ਵਸਨੀਕ ਸਾਬਕਾ ਫੌਜੀ ਲਛਮਣ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਸ ਬਸਤੀ ਵਿੱਚ ਰਹਿੰਦੇ ਕਰੀਬ 45 ਘਰਾਂ ਨੂੰ ਪੀਣ ਲਈ ਪਾਣੀ ਦੀ ਇੱਕ ਵੀ ਬੂੰਦ ਨਸੀਬ ਨਹੀਂ ਸੀ ਹੋ ਰਹੀ। ਪਰ ਹੁਣ ਇਸ ਬਸਤੀ ਵਿੱਚ ਨਵੀਆਂ ਪਾਈਪਾਂ ਪਾਉਣ ਅਤੇ ਟੂਟੀਆਂ ਲੱਗ ਜਾਣ ਕਾਰਨ ਇੱਥੇ ਰਹਿੰਦੇ ਕਰੀਬ 45 ਪਰਿਵਾਰਾਂ ਨੂੰ ਸਾਫ ਪਾਣੀ ਮਿਲਣ ਲੱਗ ਪਿਆ ਹੈ।
ਇਸ ਪਿੰਡ ਦੇ ਹੋਰ ਵਸਨੀਕਾਂ ਲਖਵੀਰ ਸਿੰਘ ਅਤੇ ਸਿੰਦਰ ਸਿੰਘ ਦਾ ਦੱਸਣਾ ਸੀ ਕਿ ਪਿੰਡ ਵਾਸੀਆਂ ਨੂੰ ਜਲ-ਘਰ ਤੋਂ ਪੀਣ ਲਈ ਸਾਫ ਪਾਣੀ ਮਿਲਣ ਕਾਰਨ ਪਿੰਡ ਵਾਸੀ ਬਾਗੋ-ਬਾਗ ਹਨ।