ਪੇਂਡੂ ਖੇਤਰ ਨਾਲ ਸਬੰਧਤ ਸੁਖਦੀਪ ਕੌਰ ਨੇ ਚਮਕਾਇਆ ਬਠਿੰਡੇ ਦਾ ਨਾਮ
12 ਲੱਖ ਸਲਾਨਾ ਪੈਕੇਜ਼ ਨਾਲ ਨਾਮੀ ਕੰਪਨੀ ਨੇ ਕੀਤੀ ਚੋਣ
ਬਠਿੰਡਾ, 26 ਜਨਵਰੀ (ਜਗਮੀਤ ਚਹਿਲ)
ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੁਜ਼ਗਾਰ ਮਿਸ਼ਨ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪਿੰਡ ਭਾਗੂ ਦੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਬੰਗਲੌਰ ਦੀ ਨਾਮੀ ਕੰਪਨੀ ਬਾਇਜੁਸ ਵਲੋਂ 12 ਲੱਖ ਰੁਪਏ ਦੇ ਸਲਾਨਾ ਪੈਕੇਜ਼ ਨਾਲ ਚੋਣ ਕੀਤੀ ਹੈ।
ਪੇਂਡੂ ਖੇਤਰ ਨਾਲ ਸਬੰਧਤ ਸੁਖਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਭਾਗੂ ਤੋਂ ਹੀ ਲਈ ਹੈ। 12ਵੀਂ ਜਮਾਤ ਗੁਰੂ ਦਸ਼ਮੇਸ਼ ਐਕਡਮੀ ਭਾਗੂ ਤੋਂ ਪਾਸ ਕਰਨ ਉਪਰੰਤ ਉਨਾਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ’ਚੋਂ ਬੀ.ਐਸ.ਸੀ. ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਵਿਦਿਆਰਥਣ ਸੁਖਦੀਪ ਕੌਰ ਨੇ ਦਸੰਬਰ ਮਹੀਨੇ ’ਚ ਲਗਾਏ ਗਏ ਸਵੈ ਰੁਜ਼ਗਾਰ ਮੇਲੇ ਦੇ ਆਨ-ਲਾਇਨ ਮਾਧਿਅਮ ਰਾਹੀਂ ਅਪਲਾਈ ਕੀਤਾ। ਸੁਖਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਖ਼ਤ ਮਿਹਨਤ ਸਦਕਾ ਹੀ ਇਸ ਨਾਮੀ ਕੰਪਨੀ ਬਾਇਜੁਸ ਦੇ ਸਲਾਨਾ 12 ਲੱਖ ਦੇ ਪੈਕੇਜ਼ ਨੂੰ ਟੁੰਬਿਆ ਹੈ।
ਬੀਤੇ ਦਿਨੀਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਚਿਊਟ ਵਿਖੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਚਿਊਟ ਦੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ਸੁਖਦੀਪ ਕੌਰ ਦੀ ਵਿਸ਼ੇਸ਼ ਤੌਰ ’ਤੇ ਹੌਂਸਲਾ ਅਫ਼ਜਾਈ ਵੀ ਕੀਤੀ ਗਈ।
ਇਸ ਦੌਰਾਨ ਵਿਦਿਆਰਥਣ ਸੁਖਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਡਿਜ਼ਟਲ ਪਲੇਟਫਾਰਮ ਰਾਹੀਂ ਰੋਜ਼ਗਾਰ ਦੇ ਮੌਕਿਆਂ ਦੀ ਸਹੂਲਤ ਲਈ ‘ਘਰ-ਘਰ ਰੋਜ਼ਗਾਰ’ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬੇਰੁਜ਼ਗਾਰ ਨੌਜਵਾਨ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਰਜਿਸਟਰਡ ਹਨ। ਉਨਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਹੁਣ ਨੌਜਵਾਨ ਘਰ ਬੈਠੇ ਹੀ ਆਪਣੀ ਪਸੰਦ ਦਾ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਲੋਨ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਵਿਦਿਆਰਥਣ ਸੁਖਦੀਪ ਕੌਰ ਦਾ ਕਹਿਣਾ ਹੈ ਇਸ ਕਾਮਯਾਬੀ ਪਿਛੇ ਉਸ ਦੇ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ। ਸੁਖਦੀਪ ਕੌਰ ਨੇ ਹੋਰਨਾਂ ਲੜਕੀਆਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਪੜਾਈ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਸੂਬਾ ਸਰਕਾਰ ਵਲੋਂ ਲਗਾਏ ਜਾਣ ਵਾਲੇ ਸਵੈ ਰੁਜ਼ਗਾਰ ਮੇਲਿਆਂ ’ਚ ਨੌਕਰੀ ਲਈ ਅਪਲਾਈ ਕਰਦੇ ਰਹਿਣ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਵਿਦਿਆ ਹੀ ਇੱਕ ਅਜਿਹਾ ਗਹਿਣਾ ਹੈ ਜੋ ਬਜਾਰੋਂ ਕਿਸੇ ਵੀ ਕੀਮਤ ’ਤੇ ਨਹੀਂ ਖ਼ਰੀਦਿਆਂ ਜਾ ਸਕਦਾ। ਇਸ ਨੂੰ ਆਪਣੀ ਮਿਹਨਤ ਤੇ ਯਤਨਾਂ ਸਦਕਾ ਹੀ ਪਾਇਆ ਤੇ ਮੰਜ਼ਿਲਾਂ ਨੂੰ ਛੂਇਆ ਜਾ ਸਕਦਾ ਹੈ।
ਫਾਇਲ ਫੋਟੋ : ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਿਦਿਆਰਥਣ ਸੁਖਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ।