ਸਵੈ ਰੁਜ਼ਗਾਰ ਲੋਨ ਮੇਲੇ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੰਡੇ ਕਰਜ਼ਾ ਮਨਜ਼ੂਰੀ ਪੱਤਰ
10 ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਦਿੱਤੇ ਪ੍ਰਸੰਸਾ ਪੱਤਰ
ਦਿਉਣ (ਬਠਿੰਡਾ), 25 ਜਨਵਰੀ (ਜਗਮੀਤ ਚਹਿਲ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕੌਮੀ ਬਾਲੜੀ ਦਿਵਸ ਅਤੇ ਸੂਬਾ ਪੱਧਰੀ ਮੈਗਾ ਸਵੈ ਰੁਜ਼ਗਾਰ ਲੋਨ ਮੇਲੇ ਨਾਲ ਜ਼ਿਲਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਤੋਂ ਵਰਚੂਅਲ ਮੀਟਿੰਗ ਨਾਲ ਜੁੜਨ ਉਪਰੰਤ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲੇ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਮਨਜ਼ੂਰੀ ਪੱਤਰਾਂ ਦੀ ਵੰਡ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਬਾਬਾ ਫ਼ਰੀਦ ਇੰਸਟੀਚਿਊਟ ਵਿਖੇ ਕਰਵਾਏ ਗਏ ਵਰਚੂਅਲ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ‘ਬੇਟੀ ਬਚਾਓ ਅਤੇ ਬੇਟੀ ਪੜਾਓ’ ਮੁਹਿੰਮ ਤਹਿਤ ਲੜਕੀਆਂ ਨੂੰ ਸ਼ਾਲ ਅਤੇ ਟ੍ਰੈਕ ਸੂਟ ਮੁਹੱਈਆ ਕਰਵਾਏ ਗਏ ਅਤੇ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਡਿਜ਼ਟਲ ਪਲੇਟਫਾਰਮ ਰਾਹੀਂ ਰੋਜ਼ਗਾਰ ਦੇ ਮੌਕਿਆਂ ਦੀ ਸਹੂਲਤ ਲਈ ‘ਘਰ-ਘਰ ਰੋਜ਼ਗਾਰ’ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬੇਰੁਜ਼ਗਾਰ ਨੌਜਵਾਨ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਰਜਿਸਟਰ ਹਨ। ਉਨਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਹੁਣ ਨੌਜਵਾਨ ਘਰ ਬੈਠੇ ਹੀ ਆਪਣੀ ਪਸੰਦ ਦਾ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਲੋਨ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਚਿਊਟ ਦੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਿਨਾਂ ਦੀ ਬਾਇਜੂਸ ਕੰਪਨੀ ਵਲੋਂ 10 ਲੱਖ ਰੁਪਏ ਦਾ ਸਲਾਨਾ ਪੈਕਜ਼ ਲਈ ਚੋਣ ਕੀਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ਸੁਖਦੀਪ ਕੌਰ ਦੀ ਵਿਸ਼ੇਸ਼ ਤੌਰ ’ਤੇ ਹੌਂਸਲਾ ਅਫ਼ਜਾਈ ਵੀ ਕੀਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਵਲੋਂ ਰੋਜ਼ਗਾਰ ’ਤੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੁਜ਼ਗਾਰ ਬਿਊਰੋ ਵਲੋਂ ਬੀਤੇ ਦਸੰਬਰ ਮਹੀਨੇ ਦੌਰਾਨ ਲਗਾਏ ਗਏ ਵੱਖ-ਵੱਖ ਰੁਜ਼ਗਾਰ ਲੋਨ ਮੇਲਿਆਂ ਦੌਰਾਨ ਸਵੈ ਰੁਜ਼ਗਾਰ ਸ਼ੁਰੂ ਕਰਨ ਜਿਨਾਂ ਵਿਅਕਤੀਆਂ ਵਲੋਂ ਲੋਨ ਲੈਣ ਲਈ ਅਪਲਾਈ ਕੀਤਾ ਗਿਆ ਸੀ, ਉਨਾਂ ’ਚੋਂ 55 ਲਾਭਪਾਤਰੀਆਂ ਨੂੰ ਅਪਰੂਵਡ ਪੱਤਰਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਪਰਮਵੀਰ ਸਿੰਘ, ਲੀਡ ਬੈਂਕ ਮੈਨੇਜ਼ਰ ਸ਼੍ਰੀ ਜੈ ਸ਼ੰਕਰ ਸ਼ਰਮਾ, ਜ਼ਿਲਾ ਰੁਜ਼ਗਾਰ ਤੇ ਕਾਰੋਬਾਰ ਦੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਆਦਿ ਹਾਜ਼ਰ ਸਨ।