ਐਮਰਜੈਂਸੀ ਤੇ ਬਲੱਡ ਬੈਂਕ ਚ ਮਿਲਣ ਵਾਲੀਆਂ ਸਹੂਲਤਾਂ ਮਰੀਜ਼ਾਂ ਨੂੰ ਕਰਵਾਈਆਂ ਜਾਣ ਮੁਹੱਈਆ-ਸਿਵਲ ਸਰਜਨ
ਬਠਿੰਡਾ, 2 ਜਨਵਰੀ(Jagmeet chahal)
ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਐਮਰਜੈਂਸੀ ਅਤੇ ਬਲੱਡ ਬੈਂਕ ਬਠਿੰਡਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਢਿੱਲੋਂ ਨੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਐਮਰਜੈਂਸੀ ਅਤੇ ਬਲੱਡ ਬੈਂਕ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਹਰ ਮਰੀਜ਼ ਨੂੰ ਉਪਲੱਬਧ ਕਰਵਾਈਆਂ ਜਾਣ।
ਇਸ ਮੌਕੇ ਸਿਵਲ ਸਰਜਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਹਾਲਾਤ, ਥੇਲੇਸੀਮੀਆ ਪੀੜਤ ਬੱਚਿਆਂ, ਗਰਭਵਤੀ ਸੇਵਾਵਾਂ ਆਦਿ ਨਿਰੰਤਰ ਰੂਪ ਵਿੱਚ ਚੱਲਦੀਆਂ ਰੱਖਣ ਲਈ ਬਲੱਡ ਦਾ ਪ੍ਰਬੰਧ ਸਬ-ਡਵਿਜ਼ਨਲ ਹਸਪਤਾਲ ਰਾਮਪੁਰਾ ਫੂਲ ਤੋਂ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਬਲੱਡ ਬੈਂਕ ਬਠਿੰਡਾ ਦਾ ਲਾਇਸੈਂਸ ਬਹਾਲ ਹੋਣ ਤੱਕ ਗੋਇਲ ਬਲੱਡ ਬੈਂਕ, ਅਜੀਤ ਰੋਡ, ਬਠਿੰਡਾ ਨਾਲ ਟਾਈਅੱਪ ਕੀਤਾ ਗਿਆ ਹੈ। ਉਨਾਂ ਕਿਹਾ ਕਿ ਅਤਿ ਜ਼ਰੂਰੀ ਹਾਲਤਾਂ ਵਿੱਚ ਖੂਨ ਦਾ ਪ੍ਰਬੰਧ ਗੋਇਲ ਬਲੱਡ ਬੈਂਕ ਬਠਿੰਡਾ ਤੋਂ ਕੀਤਾ ਜਾਵੇਗਾ ਤੇ ਇਹ ਸੇਵਾਵਾਂ ਮੁਫਤ ਉਪਲੱਬਧ ਕਰਵਾਈਆਂ ਜਾਣਗੀਆਂ।
ਡਾ. ਢਿੱਲੋਂ ਨੇ ਬਲੱਡ ਬੈਂਕ ਦੇ ਦੌਰੇ ਉਪਰੰਤ ਕਾਫੀ ਖਾਮੀਆਂ ਦੂਰ ਕੀਤੀਆਂ। ਉਨਾਂ ਕਿਹਾ ਕਿ ਬਲੱਡ ਬੈਂਕ ਦੀ ਉਸਾਰੀ ਦਾ ਕੰਮ ਖਤਮ ਹੋਣ ਅਤੇ ਲਾਇਸੈਂਸ ਦੀ ਬਹਾਲੀ ਉਪਰੰਤ ਸਾਰੀਆਂ ਸਹੂਲਤਾਂ ਪਹਿਲਾਂ ਦੀ ਪ੍ਰਾਪਤ ਹੋਣਗੀਆਂ। ਉਨਾਂ ਕਿਹਾ ਕਿ ਜਲਦੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਤੇ ਬਲੱਡ ਬੈਂਕ ਦੇ ਲਾਇਸੈਂਸ ਦੀ ਬਹਾਲੀ ਤੇ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣਗੇ। ਬਲੱਡ ਦੀ ਘਾਟ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾਂ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ , ਡੀ.ਡੀ.ਐਚ.ਓ. ਡਾ. ਨਰੋਸ਼ ਸਿੰਗਲਾ, ਐਸ.ਐਮ.ਓ. ਡਾ. ਮਨਿੰਦਰਪਾਲ ਸਿੰਘ, ਬੀ.ਟੀ.ਓ. ਡਾ. ਰਜਿੰਦਰ ਕੁਮਾਰ ਹਾਜ਼ਰ ਸਨ।