ਬਠਿੰਡਾ ਦੇ ਪਿੰਡਾਂ ਵਿਚ ਗੂੰਜਿਆ ਨਾਅਰਾ ‘ਫਤਿਹ ਹੋਊ ਪੰਜਾਬੀਓ’
ਬਠਿੰਡਾ, 28 ਜੂਨ-( ਜਗਮੀਤ ਚਹਿਲ )
ਬਠਿੰਡਾ ਜ਼ਿਲੇ ਦੇ 300 ਤੋਂ ਵਧੇਰੇ ਪਿੰਡਾਂ ਵਿਚ ਅੱਜ ‘ਫਤਿਹ ਹੋਊ ਪੰਜਾਬੀਓ’ ਦਾ ਨਾਅਰਾ ਗੂੰਜਿਆਂ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ 19 ਬਿਮਾਰੀ ਤੇ ਫਤਿਹ ਪਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਅਲਖ ਜਗਾਈ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਐਤਵਾਰ ਦਾ ਦਿਨ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਲਈ ਦਿਹਾਤੀ ਵਿਕਾਸ ਵਿਭਾਗ ਨੂੰ ਸੌਂਪਿਆਂ ਗਿਆ ਸੀ। ਉਨਾਂ ਨੇ ਕਿਹਾ ਕਿ ਸਾਵਧਾਨੀ ਹੀ ਕੋਵਿਡ 19 ਬਿਮਾਰੀ ਤੋਂ ਬਚਾਓ ਤੋਂ ਤਰੀਕਾ ਹੈ। ਇਸ ਲਈ ਵਿਭਾਗ ਨੇ ਜ਼ਿਲੇ ਭਰ ਵਿਚ ਅੱਜ ਅਭਿਆਨ ਚਲਾਇਆ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਪੰਚਾਂ ਸਰਪੰਚਾਂ ਨੇ ਉਤਸਾਹ ਨਾਲ ਇਸ ਮੁਹਿੰਮ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਪਿੰਡਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਰੱਖੇ ਜਾਣ ਵਾਲੇ ਸੁਰੱਖਿਆ ਉਪਾਵਾਂ ਦਾ ਪਾਠ ਆਪਣੇ ਨਗਰ ਨਿਵਾਸੀਆਂ ਨੂੰ ਪੜਾਇਆ। ਉਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਨਿਕਲਨ ਸਮੇਂ ਮਾਸਕ ਲਗਾ ਕੇ ਜਾਇਆ ਜਾਵੇ, ਜਨਤਕ ਥਾਵਾਂ ਤੇ ਇਕ ਦੂਜੇ ਤੋਂ 6 ਫੁੱਟ ਦੂਰ ਖਲੋ ਕੇ ਗਲਬਾਤ ਕਰੋ ਜਾਂ ਸਮਾਨ ਦਾ ਲੈਣ ਦੇਣ ਕਰੋ ਅਤੇ ਵਾਰ ਵਾਰ ਸਾਬਣ ਨਾਲ ਆਪਣੇ ਹੱਥ ਧੋਂਦੇ ਰਹੋ।
ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ: ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਇਸ ਮੁਹਿੰਮ ਵਿਚ ਮਹਿਲਾ ਪੰਚਾਂ ਸਰਪੰਚਾਂ ਦੀ ਭੁਮਿਕਾ ਵੀ ਸਲਾਘਾਯੋਗ ਰਹੀ ਅਤੇ ਔਰਤਾਂ ਨੇ ਵੀ ਇਸ ਮੁਹਿੰਮ ਵਿਚ ਵੱਧ ਚੜ ਕੇ ਯੋਗਦਾਨ ਪਾਇਆ। ਪਿੰਡ ਮਾਨਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਜੋ ਕਿ ਜ਼ਿਲੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੈ ਨੇ ਖੁਦ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ।
ਇਸੇ ਤਰਾਂ ਮੌੜ ਬਲਾਕ ਦੇ ਪਿੰਡ ਰਾਜਗੜ ਕੁੱਬੇ, ਪਿੰਡ ਮਾੜੀ, ਬਲਾਕ ਤਲਵੰਡੀ ਸਾਬੋ ਦੇ ਜੰਬਰ ਬਸਤੀ, ਬਲਾਕ ਨਥਾਣਾ ਦੇ ਚੱਕ ਬਖ਼ਤੂ, ਬਲਾਕ ਫੂਲ ਦੇ ਰੱਥੜੀਆਂ, ਬਲਾਕ ਸੰਗਤ ਦੇ ਪਿੰਡ ਕੋਟਲੀ ਸਾਬੋ, ਕੋਟ ਗੁਰੂ ਤੇ ਬਾਜਕ, ਬਲਾਕ ਬਠਿੰਡਾ ਦੇ ਬਾਹੋ ਸੀਵੀਆਂ, ਝੂੰਬਾ ਅਤੇ ਚੁੱਘੇ ਕਲਾਂ, ਬਲਾਕ ਭਗਤਾਂ ਦੇ ਸੁਰਜੀਤ ਨਗਰ ਵਿਚ ਵਿਸੇਸ਼ ਤੌਰ ਤੇ ਅਭਿਆਨ ਚਲਾਇਆ ਗਿਆ। ਬਠਿੰਡਾ ਦੇ ਬੀਡੀਪੀਓ ਅਭਿਨਿਵ ਗੋਇਲ ਨੇ ਦੱਸਿਆ ਕਿ ਇਸ ਦੌਰਾਨ ਪਿੰਡਾਂ ਵਿਚ ਲੋਕਾਂ ਨੂੰ ਮਾਸਕ ਅਤੇ ਜਾਗਰੂਕਤਾ ਪੈਫਲੇਂਟ ਵੀ ਵੰਡੇ ਗਏ।
ਬਠਿੰਡਾ ਦੇ ਪਿੰਡਾਂ ਵਿਚ ਗੂੰਜਿਆ ਨਾਅਰਾ ‘ਫਤਿਹ ਹੋਊ ਪੰਜਾਬੀਓ’