ਪੰਜਾਬ ‘ਚ ਪਨਬੱਸ ਦਾ ਚੱਕਾ ਜਾਮ, ਅਗਲੇ ਤਿੰਨ ਦਿਨ ਤੱਕ ਰਹੇਗੀ ਖੱਜਲ-ਖੁਆਰੀ

ਪੰਜਾਬ ਰੋਡਵੇਜ਼ ਠੇਕਾ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ । ਮੰਗਲਵਾਰ ਤੋਂ ਵਰਕਰਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਨੇ ਆਪਣੀਆਂ ਮੰਗਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ । ਪਨਬੱਸਾਂ ਦੀ ਇਹ ਹੜਤਾਲ ਅੱਜ ਤੋਂ ਸ਼ੁਰੂ ਹੋ ਕੇ 4 ਜੁਲਾਈ ਤੱਕ ਰਹਿਣ ਵਾਲੀ ਹੈ । ਜਿਸ ਕਾਰਨ ਤਿੰਨ ਦਿਨਾਂ ਤੱਕ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਵੇਗਾ । ਇਸ ਮਾਮਲੇ ਵਿੱਚ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ ।

 Chandigarh Pun Bus Strike
ਇਸ ਹੜਤਾਲ ਵਿੱਚ ਕੁਝ ਜ਼ਿਲ੍ਹੇ ਕਾਫੀ ਪ੍ਰਭਾਵਿਤ ਹੋ ਰਹੇ ਹਨ । ਜਿਨ੍ਹਾਂ ਵਿਚੋਂ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ ਤੇ ਮੋਗਾ ਵਿੱਚ ਲੋਕਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੰਜਾਬ ਦੇ 18 ਰੋਡਵੇਜ਼ ਡਿੱਪੂਆਂ ਵਿੱਚ ਇਸ ਹੜਤਾਲ ਕਾਰਨ ਸਰਕਾਰ ਦੇ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਘਾਟਾ ਪਵੇਗਾ । ਆਪਣੀਆਂ ਮੰਗਾਂ ਮਨਾਉਣ ਲਈ ਰੋਡਵੇਜ਼ ਦੇ ਕਰੀਬ 3000 ਕਰਮਚਾਰੀ ਹੜਤਾਲ ‘ਤੇ ਹਨ ਜਦਕਿ ਇਸ ਨਾਲ ਘੱਟੋ ਘੱਟ 15000 ਲੋਕ ਪ੍ਰਭਾਵਿਤ ਹੋਣਗੇ ।
 Chandigarh Pun Bus Strike

ਦਰਅਸਲ, ਪਨਬੱਸ ਕਾਮਿਆਂ ਵੱਲੋਂ ਮੰਗਲਵਾਰ ਤੋਂ ਹੜਤਾਲ ਕਰਨ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਵਿਭਾਗ ਦੇ ਸੈਕਟਰੀ ਅਤੇ ਡਾਇਰੈਕਟਰ ਨੂੰ ਯੂਨੀਅਨ ਨੁਮਾਇੰਦਿਆਂ ਨੂੰ ਮਨਾਉਣ ਅਤੇ ਉਨ੍ਹਾਂ ਨਾਲ ਦੇਰ ਸ਼ਾਮ ਤੱਕ ਮੀਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਵਾਰ-ਵਾਰ ਵਿਭਾਗ ਦੇ ਅਧਿਕਾਰੀਆਂ ਦੇ ਵਾਅਦਿਆਂ, ਲਾਰਿਆਂ ਤੋਂ ਦੁਖੀ ਹੋਏ ਯੂਨੀਅਨ ਆਗੂਆਂ ਨੇ ਦੇਰ ਸ਼ਾਮ ਮੀਟਿੰਗ ਕਰਨ ਤੋਂ ਮਨ੍ਹਾਂ ਕਰ ਦਿੱਤਾ । 

 Chandigarh Pun Bus Strike

ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ 21 ਜੂਨ ਨੂੰ ਸਿਵਲ ਸਕੱਤਰੇਤ ਵਿਚ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਕੇ ਸਾਰੀਆਂ ਮੰਗਾਂ ਤੋਂ ਜਾਣੂ ਕਰਵਾਇਆ ਸੀ । ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਵਾਰ-ਵਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦਾ ਭਰੋਸਾ ਦਿੰਦੇ ਹਨ, ਪਰ ਲਾਗੂ ਨਹੀਂ ਕਰ ਰਹੇ । ਉਨ੍ਹਾਂ ਨੇ ਦੱਸਿਆ ਕਿ 6 ਮਾਰਚ ਨੂੰ ਟਰਾਂਸਪੋਰਟ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਨੇ ਤਨਖਾਹ ਵਧਾਉਣ ਦੀ ਮਨਜੂਰੀ ਮਿਲਣ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਸਰਕਾਰ ਤਨਖਾਹ ਨਹੀਂ ਵਧਾ ਸਕੀ । 

 Chandigarh Pun Bus Strike

ਗਿੱਲ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਕਰਜ਼ਾ ਮੁਕਤ ਪਨਬੱਸ ਬੱਸਾਂ ਨੂੰ ਸਮੇਤ ਸਟਾਫ ਰੋਡਵੇਜ਼ ਵਿੱਚ ਸ਼ਾਮਿਲ ਕਰਨ, ਤਨਖਾਹ ਵਧਾਉਣ, ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਡਿਊਟੀ ‘ਤੇ ਬਹਾਲ ਕਰਨ ਦੀਆਂ ਮੰਗਾਂ ਹਨ । ਜਿਨ੍ਹਾਂ ਵਿੱਚੋਂ ਰੈਗੂਲਰ ਕਰਨ ਨੂੰ ਛੱਡ ਕੇ ਬਾਕੀ ਸਾਰੀਆਂ ਮੰਨੀਆਂ ਮੰਗਾਂ ਨੂੰ ਅਧਿਕਾਰੀ ਲਾਗੂ ਕਰਨ ਵਿੱਚ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ ।